#PUNJAB

ਬੰਬ ਨਾਲ ਉਡਾਉਣ ਦੀ ਧਮਕੀ; ਮੁਹਾਲੀ ਹਵਾਈ ਅੱਡੇ ‘ਤੇ ਸੁਰੱਖਿਆ ਵਧਾਈ

– ਕੋਈ ਸ਼ੱਕੀ ਵਸਤੂ ਨਾ ਮਿਲੀ: ਸੀ.ਆਈ.ਐੱਸ.ਐੱਫ.
– ਹੈਦਰਾਬਾਦ ਤੋਂ ਚੰਡੀਗੜ੍ਹ ਹਵਾਈ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ, 19 ਅਕਤੂਬਰ (ਪੰਜਾਬ ਮੇਲ)- ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਹਵਾਈ ਉਡਾਣਾਂ ਸਬੰਧੀ ਬੰਬ ਨਾਲ ਉਡਾਉਣ ਦੀਆਂ ਰੋਜ਼ਾਨਾ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹੈਦਰਾਬਾਦ ਤੋਂ ਚੰਡੀਗੜ੍ਹ ਜਾ ਰਹੀ ਉਡਾਣ 6-ਈ 108 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਤੋਂ ਬਾਅਦ ਮੁਹਾਲੀ ਹਵਾਈ ਅੱਡੇ ‘ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਇਸ ਧਮਕੀ ਤੋਂ ਬਾਅਦ ਸੀ.ਆਈ.ਐੱਸ.ਐੱਫ. ਨੇ ਹਵਾਈ ਉਡਾਣ ਆਉਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਉਤਾਰ ਲਿਆ ਤੇ ਜਹਾਜ਼ ਨੂੰ ਇਕਾਂਤ ਵਿਚ ਕਰਕੇ ਜਾਂਚ ਕੀਤੀ। ਇਹ ਵੀ ਪਤਾ ਲੱਗਿਆ ਹੈ ਕਿ ਇਸ ਉਡਾਣ ਦੀ ਜਾਂਚ ਕੀਤੀ ਗਈ ਤੇ ਇਸ ਵਿਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਦੂਜੇ ਪਾਸੇ ਯਾਤਰੀਆਂ ਨੇ ਮੰਗ ਕੀਤੀ ਕਿ ਅਜਿਹੀਆਂ ਧਮਕੀਆਂ ਦੇਣ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ, ਤਾਂ ਕਿ ਲੋਕਾਂ ਦੀ ਰੋਜ਼ਾਨਾ ਹੁੰਦੀ ਜਾ ਖੱਜਲ ਖੁਆਰੀ ਨੂੰ ਘੱਟ ਕੀਤਾ ਜਾ ਸਕੇ।