#EUROPE

ਜਰਮਨੀ 2024 ਦੇ ਅੰਤ ਤੱਕ ਭਾਰਤੀਆਂ ਲਈ ਨਵਾਂ ਡਿਜੀਟਲ ਵੀਜ਼ਾ ਕਰੇਗਾ ਪੇਸ਼

-ਵੀਜ਼ਾ ਪ੍ਰਕਿਰਿਆ 2 ਹਫ਼ਤੇ ‘ਚ ਹੋਵੇਗੀ ਪੂਰੀ
ਬਰਲਿਨ, 18 ਅਕਤੂਬਰ (ਪੰਜਾਬ ਮੇਲ)- ਜਰਮਨੀ ਨੇ ਭਾਰਤੀਆਂ ਲਈ ਆਪਣੇ ਦਰਵਾਜ਼ੇ ਮੁੜ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਅਸਲ ਵਿਚ ਜਰਮਨੀ ਆਪਣੀ ਆਰਥਿਕਤਾ ਨੂੰ ਲੀਹ ‘ਤੇ ਰੱਖਣ ਲਈ ਭਾਰਤ ਤੋਂ ਮਦਦ ਦੀ ਉਮੀਦ ਕਰ ਰਿਹਾ ਹੈ। ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਦੀ 25 ਅਕਤੂਬਰ ਨੂੰ ਭਾਰਤ ਫੇਰੀ ਤੋਂ ਪਹਿਲਾਂ ਜਰਮਨ ਮੰਤਰੀ ਮੰਡਲ ਨੇ ਦੇਸ਼ ਵਿਚ ਭਾਰਤੀ ਹੁਨਰਮੰਦ ਕਾਮਿਆਂ ਨੂੰ ਉਤਸ਼ਾਹਿਤ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਇਕ ਰਿਪੋਰਟ ਮੁਤਾਬਕ ਸਕੋਲਜ਼ ਕੈਬਨਿਟ ਨੇ ਕਿਰਤ ਅਤੇ ਵਿਦੇਸ਼ ਮੰਤਰਾਲਿਆਂ ਵੱਲੋਂ ਪੇਸ਼ ਕੀਤੇ ਗਏ 30 ਫ਼ੈਸਲੇ ਪਾਸ ਕੀਤੇ। ਜਿਨ੍ਹਾਂ ਦਾ ਉਦੇਸ਼ ਜਰਮਨ ਲੇਬਰ ਮਾਰਕੀਟ ਵਿਚ ਹੁਨਰਮੰਦ ਕਾਮਿਆਂ ਦੀ ਕਮੀ ਨੂੰ ਦੂਰ ਕਰਨ ਲਈ ਭਾਰਤੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨਾ ਹੋਵੇਗਾ। ਜਰਮਨ ਆਰਥਿਕ ਸੰਸਥਾ (ਆਈ.ਡਬਲਯੂ.) ਨੇ ਕਿਹਾ ਕਿ ਜਰਮਨੀ ਕਰਮਚਾਰੀਆਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਿਹਾ ਕਿ 2023 ਦੇ ਅੰਤ ਤੱਕ ਦੇਸ਼ ਵਿਚ 570,000 ਖਾਲੀ ਨੌਕਰੀਆਂ ਸਨ।
ਜਰਮਨੀ ਦੇ ਕਿਰਤ ਮੰਤਰੀ ਹਿਊਬਰਟਸ ਹੇਲ ਨੇ ਕਿਹਾ ਕਿ ਭਾਰਤ ਵਿਚ ਹਰ ਮਹੀਨੇ 10 ਲੱਖ ਨਵੇਂ ਲੋਕ ਲੇਬਰ ਮਾਰਕੀਟ ਵਿਚ ਦਾਖਲ ਹੁੰਦੇ ਹਨ। ਇਹੀ ਕਾਰਨ ਹੈ ਕਿ ਜਰਮਨੀ ਭਾਰਤ ਨੂੰ ਹੁਨਰਮੰਦ ਕਾਮਿਆਂ ਦੇ ਪ੍ਰਵਾਸ ਦੇ ਮਾਮਲੇ ਵਿਚ ਇੱਕ ਵਿਸ਼ੇਸ਼ ਸਹਿਯੋਗੀ ਮੰਨਦਾ ਹੈ। ਸਕੋਲਜ਼ ਕੈਬਨਿਟ ਨੇ ਜਿਹੜੇ 30 ਉਪਾਅ ਪਾਸ ਕੀਤੇ ਹਨ, ਇਨ੍ਹਾਂ ਵਿਚੋਂ ਬਹੁਤ ਸਾਰੇ ਕਿਰਤ ਅਤੇ ਵਿਦੇਸ਼ ਮੰਤਰਾਲਿਆਂ ਦੁਆਰਾ ਪ੍ਰਸਤਾਵਿਤ ਕੀਤੇ ਗਏ ਅਤੇ ਇਸਦਾ ਉਦੇਸ਼ ਭਾਰਤ ਤੋਂ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨਾ ਹੈ। ਇਨ੍ਹਾਂ ਉਪਾਵਾਂ ਵਿਚ 2024 ਦੇ ਅੰਤ ਤੱਕ ਵੀਜ਼ਾ ਨੂੰ ਡਿਜੀਟਲ ਕਰਨਾ ਸ਼ਾਮਲ ਹੈ, ਜੋ ਕਿ ਭਾਰਤੀ ਹੁਨਰਮੰਦ ਕਾਮਿਆਂ ਨੂੰ ਇੱਕ ਸੁਚਾਰੂ ਪਰਵਾਸ ਪ੍ਰਕਿਰਿਆ ਵਿੱਚ ਮਦਦ ਕਰ ਸਕਦਾ ਹੈ।
– ਜਰਮਨ ਸਰਕਾਰ ਨੇ ਭਾਰਤੀ ਹੁਨਰਮੰਦ ਕਾਮਿਆਂ ਦੀ ਵੀਜ਼ਾ ਪ੍ਰਕਿਰਿਆ ਲਈ ਦਿਨਾਂ ਦੀ ਗਿਣਤੀ 9 ਮਹੀਨਿਆਂ ਤੋਂ ਘਟਾ ਕੇ 2 ਹਫ਼ਤੇ ਕਰ ਦਿੱਤੀ ਹੈ। ਇਸ ਉਪਾਅ ਨਾਲ ਜਰਮਨੀ ਵਿਚ ਲਗਭਗ 4 ਲੱਖ ਕੁਸ਼ਲ ਕਾਮਿਆਂ ਨੂੰ ਫ਼ਾਇਦਾ ਹੋ ਸਕਦਾ ਹੈ।
-ਸੰਘੀ ਕਿਰਤ ਮੰਤਰਾਲੇ ਨੇ ਇਹ ਵੀ ਕਿਹਾ ਕਿ ਉਹ ਜਰਮਨੀ ਵਿਚ ਪਹਿਲਾਂ ਤੋਂ ਮੌਜੂਦ ਭਾਰਤੀ ਕਾਲਜ ਵਿਦਿਆਰਥੀਆਂ ਨੂੰ ਸਲਾਹ ਦੇਣ ਲਈ ਵਧੇਰੇ ਸਰਗਰਮ ਹੋ ਜਾਣਗੇ।
-ਜਰਮਨ ਸਰਕਾਰ ਉਨ੍ਹਾਂ ਲੋਕਾਂ ਨੂੰ ਜਰਮਨ ਭਾਸ਼ਾ ਦੀਆਂ ਕਲਾਸਾਂ ਦੀ ਪੇਸ਼ਕਸ਼ ਕਰਨਾ ਚਾਹੁੰਦੀ ਹੈ, ਜੋ ਦੇਸ਼ ਵਿਚ ਰਹਿਣਾ ਚਾਹੁੰਦੇ ਹਨ।
-ਦੇਸ਼ ਵਿਚ ਆਉਣ ਵਾਲੇ ਵਿਦੇਸ਼ੀ ਕਾਮਿਆਂ ਲਈ ਭਾਸ਼ਾ ਦੇ ਹੁਨਰ ਦੀ ਲੋੜ ਅਕਸਰ ਸਭ ਤੋਂ ਨਿਰਾਸ਼ਾਜਨਕ ਕਾਰਕਾਂ ਵਿਚੋਂ ਇੱਕ ਹੁੰਦੀ ਹੈ, ਖਾਸ ਕਰਕੇ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿਚ ਨੌਕਰੀ ਦੇ ਮੌਕੇ ਲੱਭ ਰਹੇ ਭਾਰਤੀਆਂ ਲਈ।
ਜਰਮਨੀ ਦੇ ਕਿਰਤ ਮੰਤਰੀ ਹੇਲ ਅਗਲੇ ਹਫਤੇ ਦਿੱਲੀ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਵਿਚ ਚਾਂਸਲਰ ਓਲਾਫ ਸਕੋਲਜ਼ ਤੇ ਹੋਰ ਉੱਚ ਪੱਧਰੀ ਸਰਕਾਰੀ ਨੁਮਾਇੰਦਿਆਂ ਨਾਲ ਸ਼ਾਮਲ ਹੋਣਗੇ। ਉਹ ਵਿਦਿਆਰਥੀਆਂ ਨਾਲ ਜਰਮਨੀ ਵਿਚ ਸੰਭਾਵਿਤ ਭਵਿੱਖ ਬਾਰੇ ਗੱਲ ਕਰਨ ਲਈ ਇੱਕ ਸਕੂਲ ਦਾ ਦੌਰਾ ਵੀ ਕਰਨਗੇ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿਚ ਪ੍ਰੋਗਰਾਮ ਹੋਣਗੇ। ਭਾਰਤ ਤੋਂ ਹੁਨਰਮੰਦ ਕਾਮਿਆਂ ਦੇ ਪ੍ਰਵਾਸ ਨੂੰ ਸੁਚਾਰੂ ਬਣਾਉਣ ਲਈ, ਸਰਕਾਰ ਨੇ ਕਿਹਾ ਹੈ ਕਿ ਉਹ 2024 ਦੇ ਅੰਤ ਤੱਕ ਇੱਕ ਨਵਾਂ ਡਿਜੀਟਲ ਵੀਜ਼ਾ ਪੇਸ਼ ਕਰੇਗੀ।
ਜਰਮਨੀ ਨੇ 2024 ਦੀ ਪਹਿਲੀ ਛਿਮਾਹੀ ਵਿਚ 80,000 ਵਰਕ ਵੀਜ਼ੇ ਦਿੱਤੇ ਹਨ। ਜਰਮਨੀ ਦੇ ਸੰਘੀ ਕਿਰਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਫਰਵਰੀ 2024 ਵਿਚ ਲਗਭਗ 137,000 ਭਾਰਤੀਆਂ ਨੂੰ ਹੁਨਰਮੰਦ ਕਿਰਤ ਅਹੁਦਿਆਂ ‘ਤੇ ਰੁਜ਼ਗਾਰ ਦਿੱਤਾ ਗਿਆ ਸੀ, ਜੋ ਕਿ 2023 ਦੇ ਮੁਕਾਬਲੇ 23,000 ਵੱਧ ਹੈ। 2015 ਵਿਚ ਅਜਿਹੀਆਂ ਨੌਕਰੀਆਂ ਵਿਚ ਨਿਯੁਕਤ ਭਾਰਤੀਆਂ ਦੀ ਕੁੱਲ ਗਿਣਤੀ ਲਗਭਗ 23,000 ਸੀ। ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਜਰਮਨੀ ਵਿਚ ਰਹਿ ਰਹੇ ਭਾਰਤੀਆਂ ਵਿਚ ਬੇਰੁਜ਼ਗਾਰੀ ਦਰ ਸਿਰਫ 3.7% ਹੈ, ਜੋ ਕਿ ਕੁੱਲ ਬੇਰੁਜ਼ਗਾਰੀ ਦਰ 7.1% ਤੋਂ ਬਹੁਤ ਘੱਟ ਹੈ।