ਸੁਖਜਿੰਦਰ ਸਿੰਘ ਰੰਧਾਵਾ ਦੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀਟ
ਬਟਾਲਾ, 17 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਇਸੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਵਿਚ ਸੁਖਜਿੰਦਰ ਸਿੰਘ ਰੰਧਾਵਾ ਦੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀਟ ‘ਤੇ 13 ਨਵੰਬਰ 2024 ਨੂੰ ਵੋਟਾਂ ਪੈਣਗੀਆਂ। ਜ਼ਿਲ੍ਹਾ ਗੁਰਦਾਸਪੁਰ ਦੇ ਸਭ ਤੋਂ ਵੱਡੇ ਹਲਕੇ ਡੇਰਾ ਬਾਬਾ ਨਾਨਕ ‘ਚ 321 ਦੇ ਕਰੀਬ ਪਿੰਡ ਹਨ ਅਤੇ 241 ਦੇ ਕਰੀਬ ਬੂਥ ਹਨ। ਵੋਟਰਾਂ ਦੀ ਗਿਣਤੀ ਲਗਪਗ 1,96,094 ਹੈ। ਭਾਵੇਂਕਿ ਡੇਰਾ ਬਾਬਾ ਨਾਨਕ ਲਈ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਸਾਰੀਆਂ ਧਿਰਾਂ ਹੀ ਚੋਣ ਮੈਦਾਨ ‘ਚ ਪੂਰਾ ਜ਼ੋਰ ਲਗਾਉਣਗੀਆਂ, ਪ੍ਰੰਤੂ ਕਾਂਗਰਸ ਆਪਣੀ ਸਰਦਾਰੀ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਨਹੀਂ ਛੱਡੇਗੀ।
ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਕਾਂਗਰਸ ਪਾਰਟੀ ਵੱਲੋਂ ਪੂਰੀ ਵਿਉਂਤਬੰਦੀ ਨਾਲ ਲੜੀਆਂ ਗਈਆਂ ਤੇ ਵੱਡੀ ਗਿਣਤੀ ਵਿਚ ਜਿੱਤ ਵੀ ਪ੍ਰਾਪਤ ਕੀਤੀ ਗਈ। ਜਿਉਂ ਹੀ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ ਦਾ ਐਲਾਨ ਹੋਇਆ ਡੇਰਾ ਬਾਬਾ ਨਾਨਕ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ। ਦੱਸ ਦੇਈਏ ਕਿ ਸੰਸਦੀ ਹਲਕਾ ਗੁਰਦਾਸਪੁਰ ਦਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 2009 ਨੂੰ ਹੋਂਦ ਵਿਚ ਆਇਆ ਸੀ ਅਤੇ 2009 ਦੀ ਸੰਸਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਰਹੂਮ ਸ਼੍ਰੀ ਵਿਨੋਦ ਖੰਨਾ ਨੇ ਬਹੁਮਤ ਪ੍ਰਾਪਤ ਕੀਤੀ ਸੀ। ਇਸ ਹਲਕੇ ਅੰਦਰ 2012 ‘ਚ ਪਹਿਲੀ ਵਾਰ ਵਿਧਾਨ ਸਭਾ ਚੋਣ ਹੋਈ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਜਥੇ. ਸੁੱਚਾ ਸਿੰਘ ਲੰਗਾਹ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ 2017 ‘ਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੂੰ ਟਿਕਟ ਦਿੱਤੀ ਸੀ ਅਤੇ ਉਸ ਚੋਣ ਵਿਚ ਵੀ ਸੁਖਜਿੰਦਰ ਸਿੰਘ ਰੰਧਾਵਾ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਜਥੇ. ਸੁੱਚਾ ਸਿੰਘ ਲੰਗਾਹ ਅਤੇ ਆਮ ਆਦਮੀ ਪਾਰਟੀ ਦੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੂੰ ਹਰਾ ਕੇ ਵਿਧਾਇਕ ਬਣ ਗਏ। ਉਸ ਤੋਂ ਬਾਅਦ 2022 ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਅਤੇ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੂੰ ਹਰਾ ਕੇ ਲਗਾਤਾਰ ਹੈਟ੍ਰਿਕ ਮਾਰੀ। 2022 ਦੀਆਂ ਚੋਣਾਂ ‘ਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਖ਼ਤ ਮਿਹਨਤ ਕਰਨੀ ਪਈ ਅਤੇ 250 ਵੋਟਾਂ ਦੇ ਫਰਕ ਨਾਲ ਹੀ ਰਵੀਕਰਨ ਸਿੰਘ ਕਾਹਲੋਂ ਨੂੰ ਹਰਾ ਸਕੇ।
ਇਹ ਵੀ ਦੱਸਣਯੋਗ ਹੈ ਕਿ ਕਿਸੇ ਸਮੇਂ ਇਸ ਹਲਕੇ ‘ਚ ਅਕਾਲੀ ਦਲ ਅਤੇ ਕਾਂਗਰਸ ਵਿਚ ਸਖ਼ਤ ਮੁਕਾਬਲਾ ਰਿਹਾ ਸੀ ਪਰ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਦੇ ਭਾਜਪਾ ‘ਚ ਸ਼ਾਮਲ ਹੋਣ ਕਰਕੇ 2024 ਦੀ ਸੰਸਦੀ ਚੋਣ ‘ਚ ਕਾਂਗਰਸ ਦਾ ਮੁਕਾਬਲਾ ਸੱਤਾਧਾਰੀ ਪਾਰਟੀ ਨਾਲ ਬਣ ਗਿਆ। ਹਲਕੇ ‘ਚ ਕੋਈ ਵਾਲੀ-ਵਾਰਸ ਨਾ ਹੋਣ ਕਰ ਕੇ ਕਿਸੇ ਸਮੇਂ ਕਾਂਗਰਸ ਨੂੰ ਟੱਕਰ ਦੇਣ ਵਾਲਾ ਅਕਾਲੀ ਦਲ ਡਿੱਗ ਕੇ ਤੀਜੇ ਸਥਾਨ ‘ਤੇ ਲੁੜਕ ਗਿਆ। ਇਸ ਵਾਰ ਜ਼ਿਮਨੀ ਚੋਣ ‘ਚ ਪਿਛਲੇ ਕਾਫੀ ਸਮੇਂ ਤੋਂ ਪਾਰਟੀ ‘ਚੋਂ ਲੀਹੋਂ ਲੱਥੇ ਜਥੇ. ਸੁੱਚਾ ਸਿੰਘ ਲੰਗਾਹ ਦੇ ਮੁੜ ਸ਼ਾਮਲ ਹੋਣ ਨਾਲ ਕਾਂਗਰਸ-ਅਕਾਲੀ ਦਲ ‘ਚ ਸਖ਼ਤ ਮੁਕਾਬਲਾ ਹੋਣ ਦੇ ਆਸਾਰ ਨਜ਼ਰ ਆਉਂਦੇ ਜਾਪਦੇ ਹਨ। ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮਪਤਨੀ ਜਤਿੰਦਰ ਕੌਰ ਰੰਧਾਵਾ ਦੇ ਉਮੀਦਵਾਰ ਹੋਣ ਦੀ ਸੰਭਾਵਨਾ ਲੱਗਦੀ ਹੈ। ਜਤਿੰਦਰ ਕੌਰ ਰੰਧਾਵਾ ਦਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਵੱਡਾ ਸਤਿਕਾਰ ਹੈ ਅਤੇ ਉਨ੍ਹਾਂ ਦੀ ਗਿਣਤੀ ਮਿਹਨਤੀ ਵਰਕਰਾਂ ਵਿਚ ਕੀਤੀ ਜਾਂਦੀ ਹੈ। ਅਕਾਲੀ ਦਲ ਵੱਲੋਂ ਲੰਗਾਹ ਪਰਿਵਾਰ ਨੂੰ ਟਿਕਟ ਦਿੱਤੇ ਜਾਣ ਦੇ ਆਸਾਰ ਹਨ। ਭਾਵੇਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਟਿਕਟ ਉਨ੍ਹਾਂ ਦੇ ਪਰਿਵਾਰ ‘ਚੋਂ ਕਿਸ ਨੂੰ ਦਿੱਤੀ ਜਾਣੀ ਹੈ, ਪਰ ਫਿਰ ਵੀ ਜਥੇਦਾਰ ਲੰਗਾਹ ਦੀਆਂ ਗਤੀਵਿਧੀਆਂ ਹਲਕੇ ਵਿਚ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੂੰ ਮੁੜ ਟਿਕਟ ਦਿੱਤੇ ਜਾਣ ਦੇ ਅਸਾਰ ਹਨ। ਸਰਪੰਚੀ ਦੀਆਂ ਚੋਣਾਂ ‘ਚ ਭਾਵੇਂ ਉਹ ਕਾਂਗਰਸ ਪਾਰਟੀ ਦਾ ਮੁਕਾਬਲਾ ਨਹੀਂ ਕਰ ਪਾਏ, ਪ੍ਰੰਤੂ ਸੱਤਾਧਿਰ ਦਾ ਫਾਇਦਾ ਲੈਣ ‘ਚ ਉਹ ਕਿੰਨੇ ‘ਚ ਕਾਮਯਾਬ ਹੁੰਦੇ ਹਨ, ਇਹ ਸਮਾਂ ਦੱਸੇਗਾ। ਭਾਜਪਾ ਵੱਲੋਂ 2022 ‘ਚ ਇਸ ਹਲਕੇ ਤੋਂ ਕੁਲਦੀਪ ਸਿੰਘ ਕਾਹਲੋਂ ਨੇ ਚੋਣ ਲੜੀ ਸੀ, ਜਿਨ੍ਹਾਂ ਨੂੰ ਨਾਮਾਤਰ ਹੀ ਵੋਟਾਂ ਮਿਲੀਆਂ ਸਨ। ਇਸ ਵਾਰ ਭਾਜਪਾ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਦੀਆਂ ਗਤੀਵਿਧੀਆਂ ਤਾਂ ਨਜ਼ਰ ਨਹੀਂ ਆ ਰਹੀਆਂ, ਪ੍ਰੰਤੂ ਭਾਜਪਾ ਦੇ ਮੰਡਲ ਪ੍ਰਧਾਨ ਵਿਜੈ ਕੁਮਾਰ ਸੋਨੀ ਵਲੋਂ ਭਾਜਪਾ ਦਾ ਵੋਟ ਬੈਂਕ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਹਲਕੇ ਵਿਚ ਚੋਣ ਗਤੀਵਿਧੀਆਂ ਕਾਫੀ ਤੇਜ਼ ਹੋ ਗਈਆਂ ਹਨ।