#PUNJAB

ਪੰਜਾਬ ਪੰਚਾਇਤੀ ਚੋਣਾਂ ਦੌਰਾਨ ਵਾਪਰੀਆਂ ਗੜਬੜੀਆਂ, ਧਾਂਦਲੀਆਂ, ਧੱਕੇਸ਼ਾਹੀ ਦੀਆਂ ਘਟਨਾਵਾਂ

ਚੰਡੀਗੜ੍ਹ, 16 ਅਕਤੂਬਰ (ਪੰਜਾਬ ਮੇਲ)- ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਵੱਖ-ਵੱਖ ਹਿੰਸਕ ਘਟਨਾਵਾਂ ਦਰਮਿਆਨ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ ਹੈ ਅਤੇ ਬਹੁਤੇ ਹਲਕਿਆਂ ਵਿਚ ਨਤੀਜੇ ਆ ਵੀ ਗਏ ਹਨ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਵੋਟਿੰਗ ਦੌਰਾਨ ਪੰਜਾਬ ਵਿਚ ਕੁੱਝ ਕੁ ਥਾਵਾਂ ‘ਤੇ ਗੋਲੀਆਂ ਵੀ ਚੱਲੀਆਂ, ਜਿਸ ਦੌਰਾਨ ਕੁੱਝ ਲੋਕ ਜ਼ਖਮੀ ਹੋ ਗਏ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਝੜਪਾਂ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ ਅਤੇ ਕੁੱਝ ਇਕ ਥਾਵਾਂ ‘ਤੇ ਪਥਰਾਅ ਦੀ ਘਟਨਾ ਵੀ ਵਾਪਰੀ, ਜਿਸ ਨਾਲ ਪੁਲਿਸ ਮੁਲਾਜ਼ਮਾਂ ਸਣੇ ਆਮ ਲੋਕ ਵੀ ਜ਼ਖਮੀ ਹੋ ਗਏ। ਕਈ ਥਾਵਾਂ ‘ਤੇ ਗੜਬੜੀਆਂ, ਧਾਂਦਲੀਆਂ, ਧੱਕੇਸ਼ਾਹੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਪੰਚਾਇਤ ਚੋਣਾਂ ‘ਚ 68 ਫੀਸਦੀ ਦੇ ਕਰੀਬ ਪੋਲਿੰਗ ਹੋਈ, ਪਰ ਫਿਰ ਵੀ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਚੋਣ ਫੀਸਦੀ ਦੇ ਮੁਕੰਮਲ ਅੰਕੜੇ ਪ੍ਰਾਪਤ ਨਹੀਂ ਹੋਈ। ਅਨੁਮਾਨਤ ਤੌਰ ‘ਤੇ ਫਾਜ਼ਿਲਕਾ ਜ਼ਿਲ੍ਹੇ ਵਿਚ 67.26 ਫੀਸਦੀ, ਪਟਿਆਲਾ ਵਿਚ 59, ਸੰਗਰੂਰ ਵਿਚ 67.53, ਮੋਹਾਲੀ ਵਿਚ 65.15, ਜਲੰਧਰ ਵਿਚ 57.99, ਲੁਧਿਆਣਾ ਵਿਚ 58.9, ਪਠਾਨਕੋਟ ਵਿਚ 68 ਫੀਸਦੀ ਵੋਟਾਂ ਪਈਆਂ ਹਨ। ਪੰਜਾਬ ਦੀਆਂ ਕੁੱਲ 13225 ਗ੍ਰਾਮ ਪੰਚਾਇਤਾਂ ਵਿਚੋਂ 9400 ਦੇ ਕਰੀਬ ਗ੍ਰਾਮ ਪੰਚਾਇਤਾਂ ਲਈ ਵੋਟਿੰਗ ਹੋਈ, ਜਦਕਿ 3798 ਗ੍ਰਾਮ ਪੰਚਾਇਤਾਂ ‘ਤੇ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਸੀ। ਸਰਪੰਚ 13225 ਅਹੁਦਿਆਂ ਲਈ 25588 ਅਤੇ ਪੰਚ ਦੇ ਅਹੁਦਿਆਂ ਲਈ 83427 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਸਨ। ਚੋਣਾਂ ਸ਼ੁਰੂ ਹੁੰਦੇ ਸਾਰ ਹੀ ਵੱਖ-ਵੱਖ ਬੂਥਾਂ ਤੋਂ ਲੜਾਈਆਂ ਝਗੜਿਆਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਨ੍ਹਾਂ ਚੋਣਾਂ ਦੌਰਾਨ ਅੰਮ੍ਰਿਤਸਰ, ਪਟਿਆਲਾ, ਮੋਗਾ, ਤਰਤਨਾਰਨ, ਬਠਿੰਡਾ, ਜਲੰਧਰ, ਲੁਧਿਆਣਾ, ਗੁਰਦਾਸਪੁਰ ਸਣੇ ਕਈ ਹੋਰ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿਚ ਚੋਣਾਂ ਦੌਰਾਨ ਧਾਂਦਲੀਆਂ ਦੇ ਮਾਮਲੇ ਸਾਹਮਣੇ ਆਏ ਹਨ। ਕਈ ਥਾਵਾਂ ‘ਤੇ ਬੈਲੇਟ ਪੇਪਰ ਗਲਤ ਛਪਣ ਦੀਆਂ ਵੀ ਖਬਰਾਂ ਮਿਲੀਆਂ ਹਨ। ਕਈ ਉਮੀਦਵਾਰਾਂ ਦੇ ਨਾਂ ਵਿਚੋਂ ਕੱਟੇ ਹੋਏ ਸਨ।
ਇਸ ਵਾਰ ਚੋਣਾਂ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਇਸ ਦੇ ਨਾਲ-ਨਾਲ ਵੋਟਰਾਂ ਨੂੰ ਪੈਸਾ ਦੇ ਕੇ ਵੀ ਭਰਮਾਇਆ ਗਿਆ।