-ਕਾਰਜਕਾਰੀ ਪ੍ਰਧਾਨ ਲਾਉਣ ‘ਤੇ ਕਰ ਰਹੀ ਵਿਚਾਰ
ਚੰਡੀਗੜ੍ਹ, 16 ਅਕਤੂਬਰ (ਪੰਜਾਬ ਮੇਲ)- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰਧਾਨਗੀ ਛੱਡਣ ਦੀ ਗੱਲ ਕਹਿਣ ਮਗਰੋਂ 2 ਮਹੀਨੇ ਬੀਤਣ ਤੋਂ ਬਾਅਦ ਵੀ ਪਾਰਟੀ ਦੀ ਕੌਮੀ ਲੀਡਰਸ਼ਿਪ ਇਸ ਬਾਰੇ ਕੋਈ ਫ਼ੈਸਲਾ ਨਹੀਂ ਲੈ ਸਕੀ। ਹਾਲਾਂਕਿ ਜਾਖੜ ਕੈਂਪ ਦਾ ਦਾਅਵਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਹਰਿਆਣਾ ਚੋਣਾਂ ਤੱਕ ਰੁਕਣ ਲਈ ਕਿਹਾ ਸੀ ਪਰ ਇਨ੍ਹਾਂ ਚੋਣਾਂ ਨੂੰ ਵੀ ਹਫ਼ਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ। ਭਾਜਪਾ ਦੀ ਕੌਮੀ ਲੀਡਰਸ਼ਿਪ ਹਾਲੇ ਵੀ ਨਾ ਤਾਂ ਜਾਖੜ ਦੀ ਗੱਲ ਮੰਨ ਕੇ ਉਨ੍ਹਾਂ ਨੂੰ ਕਾਰਜਭਾਰ ਤੋਂ ਮੁਕਤ ਕਰਨ ਲਈ ਕਹਿ ਰਹੀ ਹੈ ਤੇ ਨਾ ਹੀ ਕਿਸੇ ਹੋਰ ਨੇਤਾ ਨੂੰ ਪ੍ਰਧਾਨਗੀ ਸੌਂਪ ਰਹੀ ਹੈ। ਇਸ ਨਾਲ ਸੂਬਾਈ ਸੰਗਠਨ ਦਾ ਕੰਮਕਾਜ ਤਾਂ ਪ੍ਰਭਾਵਿਤ ਹੋ ਹੀ ਰਿਹਾ ਹੈ, ਪਾਰਟੀ ਵਰਕਰ ਵੀ ਨਿਰਾਸ਼ ਹਨ। ਕੌਮੀ ਲੀਡਰਸ਼ਿਪ ਦੇ ਇਸ ਰਵੱਈਏ ਨਾਲ ਪੰਜਾਬ ‘ਚ ਪਾਰਟੀ ਵਰਕਰਾਂ ਦਾ ਮਨੋਬਲ ਵੀ ਡਿੱਗ ਰਿਹਾ ਹੈ। ਹਾਲਾਂਕਿ ਪਾਰਟੀ ਆਗੂ ਨਾਮ ਨਾ ਛਾਪਣ ਦੀ ਸ਼ਰਤ ‘ਤੇ ਖੁੱਲ੍ਹ ਕੇ ਇਸ ਮੁੱਦੇ ‘ਤੇ ਆਪਣੀ ਗੱਲ ਰੱਖ ਰਹੇ ਹਨ ਪਰ ਅਨੁਸ਼ਾਸਨ ਦੇ ਨਾਂ ‘ਤੇ ਕੁੱਝ ਵੀ ਰਿਕਾਰਡ ‘ਤੇ ਬੋਲਣ ਲਈ ਤਿਆਰ ਨਹੀਂ। ਕੁੱਝ ਆਗੂਆਂ ਨੇ ਪਿਛਲੇ ਦਿਨੀਂ ਜਨਤਕ ਤੌਰ ‘ਤੇ ਜਾਖੜ ਬਾਰੇ ਵਿਚਾਰ ਮੀਡੀਆ ‘ਚ ਰੱਖੇ ਤਾਂ ਪਾਰਟੀ ਲੀਡਰਸ਼ਿਪ ਦੀ ਘੁਰਕੀ ਤੋਂ ਬਾਅਦ ਉਹ ਵੀ ਚੁੱਪੀ ਧਾਰ ਗਏ।
ਸੂਬੇ ਦੇ ਕੁਝ ਸਾਬਕਾ ਪ੍ਰਧਾਨਾਂ, ਸਾਬਕਾ ਵਿਧਾਇਕਾਂ ਤੇ ਸੂਬਾਈ ਅਹੁਦੇਦਾਰਾਂ ਨੇ ਸਵੀਕਾਰ ਕੀਤਾ ਹੈ ਕਿ ਸ਼੍ਰੀ ਰਾਮ ਮੰਦਰ ਬਣਨ ਤੋਂ ਬਾਅਦ ਪਾਰਟੀ ਨੇ ਪੰਜਾਬ ‘ਚ ਜੋ ਰਫ਼ਤਾਰ ਫੜ੍ਹੀ ਸੀ, ਉਹ ਹੁਣ ਕਮਜ਼ੋਰ ਪੈ ਚੁੱਕੀ ਹੈ। ਪਹਿਲਾਂ ਅੱਧੀ-ਅਧੂਰੀ ਮੈਂਬਰਸ਼ਿਪ ਮੁਹਿੰਮ ਬਿਨਾਂ ਪ੍ਰਧਾਨ ਤੋਂ ਚਲਾਈ ਗਈ ਅਤੇ ਹੁਣ ਪੰਚਾਇਤੀ ਚੋਣਾਂ ਵੀ ਬਿਨਾਂ ਪ੍ਰਧਾਨ ਤੋਂ ਮੁਕੰਮਲ ਹੋ ਗਈਆਂ, ਜਦਕਿ ਇਨ੍ਹਾਂ ਦੋਵੇਂ ਚੋਣਾਂ ‘ਚ ਪ੍ਰਧਾਨ ਦੀ ਅਹਿਮ ਭੂਮਿਕਾ ਰਹਿੰਦੀ ਹੈ। ਇਕ ਸਾਬਕਾ ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਪਾਰਟੀ ਦਾ ਵੱਡਾ ਨੁਕਸਾਨ ਤਾਂ ਹੋ ਹੀ ਚੁੱਕਿਆ ਹੈ, ਹੁਣ ਤਾਂ ਜਾਖੜ ਨੂੰ ਬਾਹਰ ਆ ਜਾਣਾ ਚਾਹੀਦਾ ਹੈ। ਹੁਣ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਲਈ ਵਿਧਾਨ ਸਭਾ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ ਹੈ। 10 ਦਿਨਾਂ ‘ਚ ਨਾਮਜ਼ਦਗੀ ਵੀ ਭਰਨੀ ਹੈ। ਬਿਨਾਂ ਪ੍ਰਧਾਨ ਤੋਂ ਪਹਿਲੀ ਵਾਰ ਹੋਵੇਗਾ, ਜਦੋਂ ਅਸੀਂ ਉਮੀਦਵਾਰ ਚੁਣ ਰਹੇ ਹੋਵਾਂਗੇ। ਪਾਰਟੀ ਪ੍ਰਧਾਨ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਕਿ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ ਜਾਂ ਨਹੀਂ।
ਇਸੇ ਦਰਮਿਆਨ ਜਾਖੜ ਦੇ ਇਕ ਕਰੀਬੀ ਨੇ ਦੱਸਿਆ ਕਿ ਉਨ੍ਹਾਂ ਨੇ ਕੋਈ ਲਿਖ਼ਤੀ ਅਸਤੀਫ਼ਾ ਪਾਰਟੀ ਲੀਡਰਸ਼ਿਪ ਨੂੰ ਨਹੀਂ ਸੌਂਪਿਆ ਸੀ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅੱਗੇ ਮੌਖਿਕ ਰੂਪ ‘ਚ ਆਪਣੀ ਗੱਲ ਰੱਖੀ ਸੀ। ਉਨ੍ਹਾਂ ਕਿਹਾ ਸੀ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਸਰਕਾਰ ‘ਚ ਚਾਹੇ ਮੰਤਰੀ ਬਣਾਇਆ ਗਿਆ ਸੀ ਪਰ ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਤਾਂ ਵਰਕਰਾਂ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਦਾ ਤਰਕ ਸੀ ਕਿ ਚਾਹੇ ਕੋਈ ਵੀ ਪਾਰਟੀ ਹੋਵੇ, ਵਰਕਰ ਹੋਰਨਾਂ ਪਾਰਟੀਆਂ ਤੋਂ ਆਏ ਨੇਤਾ ਨੂੰ ਪ੍ਰਧਾਨ ਸਵੀਕਾਰ ਨਹੀਂ ਕਰਦੇ। ਜਾਖੜ ਨੇ ਪਾਰਟੀ ਲੀਡਰਸ਼ਿਪ ਨੂੰ ਇਹ ਵੀ ਕਿਹਾ ਸੀ ਕਿ ਚਾਹੇ ਜਿਸ ਨੂੰ ਵੀ ਪੰਜਾਬ ‘ਚ ਪ੍ਰਧਾਨ ਬਣਾਇਆ ਜਾਵੇ, ਜਦੋਂ ਤੱਕ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋਣਗੇ ਅਤੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਸੂਬਾਈ ਸੰਗਠਨ ਨੂੰ ਸ਼ਾਮਲ ਨਹੀਂ ਕਰਾਂਗੇ, ਉਦੋਂ ਤੱਕ ਕੋਈ ਪ੍ਰਧਾਨ ਪੰਜਾਬ ‘ਚ ਪਾਰਟੀ ਨੂੰ ਨਹੀਂ ਚਲਾ ਸਕਦਾ। ਪੰਜਾਬ ‘ਚ ਵਰਕਰ ਨੂੰ ਚੱਲਣ ਲਈ ਜਿਸ ਰਸਤੇ ਦੀ ਲੋੜ ਹੈ, ਉਹ ਪਿੰਡਾਂ ‘ਚੋਂ ਹੋ ਕੇ ਹੀ ਲੰਘਦਾ ਹੈ। ਇਸ ਲਈ ਇਨ੍ਹਾਂ ਮਸਲਿਆਂ ਦਾ ਤੁਰੰਤ ਹੱਲ ਜ਼ਰੂਰੀ ਹੈ। ਲੰਬੇ ਸਮੇਂ ਤੋਂ ਸੂਬੇ ‘ਚ ਭਾਜਪਾ ਦੀਆਂ ਗਤੀਵਿਧੀਆਂ ਤੋਂ ਦੂਰ ਰਹੇ ਪਰ ਜਾਖੜ ਵੱਲੋਂ ਆਪਣੀ ਟੀਮ ‘ਚ ਸ਼ਾਮਲ ਕੀਤੇ ਗਏ ਇਕ ਅਹੁਦੇਦਾਰ ਦਾ ਕਹਿਣਾ ਸੀ ਕਿ ਜੇਕਰ ਜਾਖੜ ਵੱਲੋਂ ਰੱਖੀਆਂ ਗਈਆਂ ਇਹ ਗੱਲਾਂ ਪਾਰਟੀ ਲੀਡਰਸ਼ਿਪ ਮੰਨ ਲੈਂਦੀ ਹੈ ਤਾਂ ਉਹ ਪਾਰਟੀ ਦੀ ਪੰਜਾਬ ‘ਚ ਕਮਾਂਡ ਸੰਭਾਲਣ ਲਈ ਤਿਆਰ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅਸਤੀਫ਼ੇ ‘ਤੇ ਹੁਣ ਤੱਕ ਕੋਈ ਫ਼ੈਸਲਾ ਨਾ ਹੋਣ ਨਾਲ ਅਜਿਹਾ ਲੱਗਦਾ ਹੈ ਕਿ ਜਾਖੜ ਦੀ ਗੱਲ ਨੂੰ ਪਾਰਟੀ ਲੀਡਰਸ਼ਿਪ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਛੇਤੀ ਹੀ ਕੋਈ ਹਾਂ-ਪੱਖੀ ਫ਼ੈਸਲਾ ਹੋਵੇਗਾ।
ਪੰਜਾਬ ‘ਚ ਪਾਰਟੀ ਗਤੀਵਿਧੀਆਂ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਭਾਜਪਾ ਦੀ ਕੌਮੀ ਲੀਡਰਸ਼ਿਪ ਕਾਰਜਕਾਰੀ ਪ੍ਰਧਾਨ ਲਾਉਣ ‘ਤੇ ਵਿਚਾਰ ਕਰ ਰਹੀ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਨਵੇਂ ਕੌਮੀ ਪ੍ਰਧਾਨ ਦੀ ਚੋਣ ਜਨਵਰੀ ਤੱਕ ਹੋਵੇਗੀ। ਇਸ ਲਈ ਸੂਬਾ ਪ੍ਰਧਾਨ ਦੀ ਨਿਯੁਕਤੀ ਨਵੇਂ ਪ੍ਰਧਾਨ ਵੱਲੋਂ ਕੀਤੀ ਜਾਵੇਗੀ। ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਤੇ ਦੁਬਾਰਾ ਸ਼ੁਰੂ ਕੀਤੀ ਜਾਣ ਵਾਲੀ ਮੈਂਬਰਸ਼ਿਪ ਮੁਹਿੰਮ ‘ਚ ਪ੍ਰਧਾਨ ਦੀ ਅਹਿਮ ਭੂਮਿਕਾ ਰਹੇਗੀ। ਇਸ ਤੋਂ ਇਲਾਵਾ ਰੋਜ਼ਮਰ੍ਹਾ ਦੇ ਕਈ ਕੰਮਾਂ ‘ਚ ਪ੍ਰਧਾਨ ਦੀ ਲੋੜ ਰਹਿੰਦੀ ਹੈ, ਇਸ ਲਈ ਪ੍ਰਧਾਨ ਦੀਆਂ ਸ਼ਕਤੀਆਂ ਕਾਰਜਕਾਰੀ ਪ੍ਰਧਾਨ ਨੂੰ ਸੌਂਪੀਆਂ ਜਾ ਸਕਦੀਆਂ ਹਨ।