#INDIA

ਵਾਇਨਾਡ ਤੋਂ ਜ਼ਿਮਨੀ ਚੋਣ ਲੜੇਗੀ ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ, 16 ਅਕਤੂਬਰ (ਪੰਜਾਬ ਮੇਲ)- ਦੋ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਕਮਿਸ਼ਨ ਨੇ ਕੇਰਲ ਵਿਚ ਵਾਇਨਾਡ ਲੋਕ ਸਭਾ ਸੀਟ ਲਈ ਉਪ ਚੋਣਾਂ ਕਰਵਾਉਣ ਦਾ ਵੀ ਐਲਾਨ ਕੀਤਾ ਹੈ। 13 ਨਵੰਬਰ ਨੂੰ ਵੋਟਾਂ ਪੈਣਗੀਆਂ। ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਸਨ। ਹਾਲਾਂਕਿ ਇਸ ਵਾਰ ਉਨ੍ਹਾਂ ਨੇ ਇਹ ਸੀਟ ਖਾਲੀ ਕਰ ਦਿੱਤੀ ਹੈ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵਾਇਨਾਡ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜੇਗੀ। ਪ੍ਰਿਯੰਕਾ ਨੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਵਾਇਨਾਡ ਤੋਂ ਉਮੀਦਵਾਰ ਰਾਹੁਲ ਗਾਂਧੀ ਲਈ ਚੋਣ ਪ੍ਰਚਾਰ ਵੀ ਕੀਤਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜ਼ਿਮਨੀ ਚੋਣ ਲਈ ਪ੍ਰਿਯੰਕਾ ਗਾਂਧੀ ਦੀ ਉਮੀਦਵਾਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਜੇਕਰ ਪ੍ਰਿਅੰਕਾ ਗਾਂਧੀ ਲੋਕ ਸਭਾ ਚੋਣਾਂ ਜਿੱਤ ਜਾਂਦੀ ਹੈ, ਤਾਂ ਉਹ ਮੌਜੂਦਾ ਸੰਸਦ ਵਿਚ ਗਾਂਧੀ ਪਰਿਵਾਰ ਦੀ ਤੀਜੀ ਸੰਸਦ ਮੈਂਬਰ ਹੋਵੇਗੀ। ਭਰਾ ਰਾਹੁਲ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਨ, ਜਦਕਿ ਮਾਂ ਸੋਨੀਆ ਗਾਂਧੀ ਰਾਜ ਸਭਾ ਦੀ ਮੈਂਬਰ ਹੈ।