#INDIA

ਗੁਜਰਾਤ ‘ਚ ਪੰਜ ਹਜ਼ਾਰ ਕਰੋੜ ਰੁਪਏ ਮੁੱਲ ਦੀ ਕੋਕੀਨ ਬਰਾਮਦ

ਨਵੀਂ ਦਿੱਲੀ, 14 ਅਕਤੂਬਰ (ਪੰਜਾਬ ਮੇਲ)- ਗੁਜਰਾਤ ਦੇ ਅੰਕਲੇਸ਼ਵਰ ‘ਚ ਦਿੱਲੀ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਪੰਜ ਹਜ਼ਾਰ ਕਰੋੜ ਰੁਪਏ ਮੁੱਲ ਦੀ 518 ਕਿਲੋ ਕੋਕੀਨ ਜ਼ਬਤ ਕੀਤੀ ਹੈ। ਦਿੱਲੀ ਅਤੇ ਗੁਜਰਾਤ ‘ਚ ਪਿਛਲੇ 15 ਦਿਨਾਂ ਦੇ ਅੰਦਰ 13 ਹਜ਼ਾਰ ਕਰੋੜ ਰੁਪਏ ਮੁੱਲ ਦੀ 1,289 ਕਿਲੋ ਕੋਕੀਨ ਅਤੇ 40 ਕਿਲੋ ਹਾਈਡਰੋਪੋਨਿਕ ਥਾਈਲੈਂਡ ਮਾਰੀਜੁਆਨਾ ਜ਼ਬਤ ਕੀਤੀ ਜਾ ਚੁੱਕੀ ਹੈ। ਜਾਂਚ ਏਜੰਸੀਆਂ ਮੁਤਾਬਕ ਐਤਵਾਰ ਨੂੰ ਅੰਕਲੇਸ਼ਵਰ ‘ਚ ਇਕ ਦਵਾਈ ਕੰਪਨੀ ਦੀ ਤਲਾਸ਼ੀ ਦੌਰਾਨ 518 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਇਕ ਅਧਿਕਾਰੀ ਮੁਤਾਬਕ ਪਹਿਲਾਂ ਫੜੀ ਗਈ 700 ਕਿਲੋ ਕੋਕੀਨ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਨਸ਼ਾ ਅਵਕਾਰ ਡਰੱਗਜ਼ ਲਿਮਟਿਡ ਕੰਪਨੀ ਤੋਂ ਖ਼ਰੀਦਿਆ ਗਿਆ ਸੀ। ਵਿਸ਼ੇਸ਼ ਸੈੱਲ ਦੀ ਟੀਮ ਐਤਵਾਰ ਨੂੰ ਗੁਜਰਾਤ ਪਹੁੰਚੀ, ਜਿਥੇ ਉਨ੍ਹਾਂ ਕੰਪਨੀ ਦੇ ਗੁਦਾਮ ‘ਚੋਂ ਵੱਡੀ ਮਾਤਰਾ ‘ਚ ਕੋਕੀਨ ਬਰਾਮਦ ਕੀਤੀ। ਅਧਿਕਾਰੀ ਨੇ ਕਿਹਾ ਕਿ ਮੌਕੇ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਦੁਬਈ ਤੇ ਯੂ.ਕੇ. ਤੋਂ ਚੱਲ ਰਹੇ ਕਥਿਤ ਕੌਮਾਂਤਰੀ ਸਿੰਡੀਕੇਟ ਬਾਰੇ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।