#INDIA

ਬਸਪਾ ਭਵਿੱਖ ‘ਚ ਕਿਸੇ ਵੀ ਖੇਤਰੀ ਪਾਰਟੀ ਨਾਲ ਨਹੀਂ ਕਰੇਗੀ ਚੋਣ ਗਠਜੋੜ

ਐੱਨ.ਡੀ.ਏ. ਤੇ ਇੰਡੀਆ ਗੱਠਜੋੜ ਤੋਂ ਵੀ ਦੂਰ ਰਹੇਗੀ ਪਾਰਟੀ: ਮਾਇਆਵਤੀ
ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਨਾਲ ਗੱਠਜੋੜ ਸਵਾਲਾਂ ਦੇ ਘੇਰੇ ‘ਚ
ਲਖਨਊ, 11 ਅਕਤੂਬਰ (ਪੰਜਾਬ ਮੇਲ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਵਿੱਖ ਵਿਚ ਉੱਤਰ ਪ੍ਰਦੇਸ਼ ਜਾਂ ਮੁਲਕ ਵਿਚ ਹੋਰ ਕਿਤੇ ਕਿਸੇ ਖੇਤਰੀ ਪਾਰਟੀ ਨਾਲ ਵੀ ਕੋਈ ਚੋਣ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਇਹ ਐਲਾਨ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਹੋਈਆਂ ਹਾਲੀਆ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੀ ਇਕ ਸਮੀਖਿਆ ਮੀਟਿੰਗ ਵਿਚ ਕੀਤਾ ਹੈ।
ਉਨ੍ਹਾਂ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਆਪਣੇ ਖ਼ਾਤੇ ਤੋਂ ਇਕ ਪੋਸਟ ਵੀ ਪਾਈ ਹੈ, ਜਿਸ ਵਿਚ ਉਨ੍ਹਾਂ ਬਸਪਾ ਦੀਆਂ ਵੋਟਾਂ ਇਸ ਦੇ ਚੋਣ ਭਾਈਵਾਲਾਂ ਨੂੰ ਚਲੇ ਜਾਣ ਪਰ ਭਾਈਵਾਲਾਂ ਦੀਆਂ ਵੋਟਾਂ ਬਸਪਾ ਨੂੰ ਨਾ ਆਉਣ ਦਾ ਹਵਾਲਾ ਦਿੰਦਿਆਂ ਇਹ ਫ਼ੈਸਲਾ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਉਮੀਦ ਮੁਤਾਬਕ ਨਤੀਜੇ ਨਾ ਆਉਣ ਕਰਕੇ ਪਾਰਟੀ ਕਾਡਰ ਵਿਚ ਨਿਰਾਸ਼ਾ ਪੈਦਾ ਹੁੰਦੀ ਹੈ।
ਉਨ੍ਹਾਂ ਇਸ ਸਬੰਧੀ ਹਰਿਆਣਾ ਦੀਆਂ ਹਾਲੀਆ ਚੋਣਾਂ, ਜਿਥੇ ਪਾਰਟੀ ਦਾ ਓਮ ਪ੍ਰਕਾਸ਼ ਚੌਟਾਲਾ ਦੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਗੱਠਜੋੜ ਸੀ ਅਤੇ ਨਾਲ ਹੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਕੀਤੇ ਸਮਝੌਤਿਆਂ ਦੀ ਹੋਏ ‘ਕੌੜੇ ਤਜਰਬਿਆਂ’ ਦਾ ਹਵਾਲਾ ਦਿੱਤਾ ਹੈ।
ਉਨ੍ਹਾਂ ਇਸ ਸਬੰਧੀ ਹਿੰਦੀ ‘ਚ ਲੜੀਵਾਰ ਚਾਰ ਟਵੀਟਾਂ ਕੀਤੀਆਂ ਹਨ। ਆਪਣੀ ਪਹਿਲੀ ਟਵੀਟ ਵਿਚ ਉਨ੍ਹਾਂ ਕਿਹਾ, ”ਯੂ.ਪੀ. ਸਮੇਤ ਦੂਜੇ ਸੂਬਿਆਂ ਦੀਆਂ ਚੋਣਾਂ ਵਿਚ ਵੀ ਬੀ.ਐੱਸ.ਪੀ. ਦੀਆਂ ਵੋਟਾਂ ਗੱਠਜੋੜ ਪਾਰਟੀਆਂ ਨੂੰ ਟਰਾਂਸਫਰ ਹੋ ਜਾਣ, ਪਰ ਉਨ੍ਹਾਂ ਦੀਆਂ ਵੋਟਾਂ ਬੀ.ਐੱਸ.ਪੀ. ਨੂੰ ਟਰਾਂਸਫਰ ਕਰਾਉਣ ਦੀ ਸਮਰੱਥਾ ਉਨ੍ਹਾਂ ਵਿਚ ਨਾ ਹੋਣ ਕਾਰਨ ਉਮੀਦ ਮੁਤਾਬਕ ਨਤੀਜੇ ਨਾ ਮਿਲਣ ਕਰਕੇ ਪਾਰਟੀ ਕਾਡਰ ਵਿਚ ਨਿਰਾਸ਼ਾ ਅਤੇ ਉਸ ਕਾਰਨ ਮੂਵਮੈਂਟ ਨੂੰ ਨੁਕਸਾਨ ਤੋਂ ਬਚਾਉਣਾ ਜ਼ਰੂਰੀ।”
ਅਗਲੀ ਪੋਸਟ ‘ਚ ਉਨ੍ਹਾਂ ਕਿਹਾ, ”ਇਸ ਸੰਦਰਭ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਤੇ ਇਸ ਤੋਂ ਪਹਿਲਾਂ ਪੰਜਾਬ ਚੋਣਾਂ ਦੇ ਕੌੜੇ ਤਜ਼ਰਬੇ ਦੇ ਮੱਦੇਨਜ਼ਰ ਅੱਜ ਹਰਿਆਣਾ ਅਤੇ ਪੰਜਾਬ ਦੀ ਸਮੀਖਿਆ ਮੀਟਿੰਗ ਵਿਚ ਖੇਤਰੀ ਪਾਰਟੀਆਂ ਨਾਲ ਵੀ ਅੱਗੋਂ ਕੋਈ ਗੱਠਜੋੜ ਨਾ ਕਰਨ ਦਾ ਫ਼ੈਸਲਾ, ਜਦੋਂਕਿ ਭਾਜਪਾ/ਐੱਨ.ਡੀ.ਏ. ਅਤੇ ਕਾਂਗਰਸ/ਇੰਡੀਆ ਗੱਠਜੋੜ ਤੋਂ ਦੂਰੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।”
ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਬਸਪਾ ਦੇ ‘ਇਕੋ-ਇਕ ਅਹਿਮ ਅੰਬੇਡਕਰਵਾਦੀ ਪਾਰਟੀ’ ਹੋਣ ਕਾਰਨ ਇਸ ਦੇ ‘ਮਾਣ-ਸਨਮਾਨ ਦੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਚੌਤਰਫ਼ਾ ਜਾਤੀਵਾਦੀ ਕੋਸ਼ਿਸ਼ਾਂ’ ਲਗਾਤਾਰ ਜਾਰੀ ਹਨ, ਜਿਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।