ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਅਮਰੀਕੀ ਖੁਫੀਆ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਵਿਦੇਸ਼ੀ ਸਰਕਾਰਾਂ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਅਮਰੀਕੀ ਲੋਕਤੰਤਰ ‘ਚ ਦਖ਼ਲ ਦੇਣ ਦੀ ਕੋਸ਼ਿਸ਼ ਤਹਿਤ ਦੇਸ਼ ਭਰ ‘ਚ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਚੋਣ ਮੁਕਾਬਲਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਰੂਸ ਅਤੇ ਚੀਨ ਨੇ ਕੁਝ ਚੋਣ ਮੁਕਾਬਲਿਆਂ ਵਿਚ ਉਮੀਦਵਾਰਾਂ ਦੀ ਮਦਦ ਕਰਨ ਜਾਂ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਦਫ਼ਤਰ ਦੇ ਇੱਕ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਮੁਕਾਬਲੇ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਚੋਣ ਮੁਕਾਬਲਿਆਂ ‘ਚ ਦਖ਼ਲ ਦਿੱਤਾ ਹੈ, ਜਿੱਥੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਹਿੱਤ ਦਾਅ ‘ਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਹੋਰ ਛੋਟੇ ਦੇਸ਼ ਵੀ ਚੋਣਾਂ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ।
ਵਿਦੇਸ਼ੀ ਚੋਣ ਖਤਰਿਆਂ ‘ਤੇ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਕਿਊਬਾ ”ਲਗਭਗ ਨਿਸ਼ਚਿਤ ਤੌਰ ‘ਤੇ” ਅਜਿਹੇ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਉਥੇ ਦੀ ਸਰਕਾਰ ਨੂੰ ਲੱਗਦਾ ਹੈ ਕਿ ਅਮਰੀਕਾ ਵਿਚ ਉਨ੍ਹਾਂ ਦੇ ਹਿੱਤਾਂ ਦਾ ਸਮਰਥਨ ਕਰਨਗੇ। ਖ਼ੁਫ਼ੀਆ ਅਧਿਕਾਰੀਆਂ ਨੇ ਇਹ ਰਿਪੋਰਟ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਅਤੇ ਸੈਨੇਟ ਲਈ ਸਖ਼ਤ ਚੋਣ ਮੁਕਾਬਲੇ ਦੌਰਾਨ ਜਾਰੀ ਕੀਤੀ ਹੈ। ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਅਤੇ ਚੀਨ ਦੇ ਨੇਤਾ ਅਮਰੀਕੀ ਰਾਜਨੀਤਿਕ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਮੰਨਦੇ ਹਨ ਕਿ ਇਸ ਸਾਲ ਦਾ ਨਜ਼ਦੀਕੀ ਚੋਣ ਮੁਕਾਬਲਾ ਗਲਤ ਜਾਣਕਾਰੀ ਲਈ ਚੰਗੇ ਹਾਲਾਤ ਪੈਦਾ ਕਰਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਚੀਨ ਨੇ ਤਾਈਵਾਨ ਲਈ ਸਮਰਥਨ ਸਮੇਤ ਬੀਜਿੰਗ ਨੂੰ ਤਰਜੀਹ ਦੇਣ ਵਾਲੇ ਮੁੱਦਿਆਂ ‘ਤੇ ਉਮੀਦਵਾਰਾਂ ਰੁਖ ਦੇ ਆਧਾਰ ‘ਤੇ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਰੂਸ, ਚੀਨ, ਈਰਾਨ ਅਤੇ ਕਿਊਬਾ ਦੇ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਸਰਕਾਰਾਂ ਅਮਰੀਕੀ ਚੋਣਾਂ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ।