#INDIA

ਚੋਣ ਨਤੀਜੇ: ਜੰਮੂ ਕਸ਼ਮੀਰ ‘ਚ 10 ਸਾਲਾਂ ਬਾਅਦ ਬਣੇਗੀ ਸਰਕਾਰ

– ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੇ 90 ਸੀਟਾਂ ‘ਚੋਂ 48 ਸੀਟਾਂ ‘ਤੇ ਜਿੱਤ ਦਰਜ ਕੀਤੀ
– ਭਾਜਪਾ ਨੂੰ ਮਿਲੀਆਂ 29 ਸੀਟਾਂ
ਜੰਮੂ/ਸ੍ਰੀਨਗਰ, 9 ਅਕਤੂਬਰ (ਪੰਜਾਬ ਮੇਲ)- ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਨੇ ਜੰਮੂ ਕਸ਼ਮੀਰ ਅਸੈਂਬਲੀ ਦੀਆਂ 90 ਸੀਟਾਂ ਲਈ ਐਲਾਨੇ ਨਤੀਜਿਆਂ ਵਿਚ 48 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਫ਼ਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਪਾਰਟੀ 42 ਸੀਟਾਂ ਜਿੱਤ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਭ ਤੋਂ ਵੱਡੀ ਇਕਹਿਰੀ ਪਾਰਟੀ ਵਜੋਂ ਉਭਰੀ ਹੈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਗੰਦਰਬਲ ਤੇ ਬਡਗਾਮ ਦੋਵਾਂ ਹਲਕਿਆਂ ਤੋਂ ਚੋਣ ਜਿੱਤ ਗਏ। ਕਾਂਗਰਸ ਦੇ ਹਿੱਸੇ 6 ਸੀਟਾਂ ਆਈਆਂ, ਜਿਨ੍ਹਾਂ ਵਿਚੋਂ ਪੰਜ ਵਾਦੀ ਤੇ ਇਕ ਸੀਟ ਜੰਮੂ ਖਿੱਤੇ ਦੀ ਹੈ। ਉਧਰ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਹਲਕੇ ਤੋਂ ਚੋਣ ਹਾਰ ਗਏ ਪਰ ਭਾਜਪਾ 29 ਸੀਟਾਂ ਨਾਲ ਜੰਮੂ ਦੇ ਆਪਣੇ ਮਜ਼ਬੂਤ ਗੜ੍ਹ ਨੂੰ ਬਚਾਉਣ ‘ਚ ਕਾਮਯਾਬ ਰਹੀ ਹੈ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀ.ਡੀ.ਪੀ. ਨੇ ਤਿੰਨ ਸੀਟਾਂ ਜਿੱਤੀਆਂ। ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਹਾਲਾਂਕਿ ਬਿਜਬੇਹੜਾ ਤੋਂ ਚੋਣ ਹਾਰ ਗਈ। ਸੀ.ਪੀ.ਆਈ. (ਐੱਮ) ਆਗੂ ਐੱਮ.ਵਾਈ. ਤਾਰੀਗਾਮੀ ਲਗਾਤਾਰ ਪੰਜਵੀਂ ਵਾਰ ਕੁਲਗਾਮ ਸੀਟ ਤੋਂ ਜੇਤੂ ਰਹੇ। ਸੱਤ ਆਜ਼ਾਦ ਉਮੀਦਵਾਰ ਵੀ ਚੋਣ ਜਿੱਤ ਗਏ। ਆਮ ਆਦਮੀ ਪਾਰਟੀ ਨੇ ਡੋਡਾ ਸੀਟ ਜਿੱਤ ਕੇ ਜੰਮੂ ਕਸ਼ਮੀਰ ਵਿਚ ਆਪਣ ਖਾਤਾ ਖੋਲ੍ਹਿਆ। ਭਾਜਪਾ ਉਮੀਦਵਾਰ ਦੇਵੇਂਦਰ ਰਾਣਾ ਨਗਰੋਟਾ ਹਲਕੇ ਤੋਂ ਸਭ ਤੋਂ ਵੱਡੇ ਫ਼ਰਕ ਨਾਲ ਜੇਤੂ ਰਹੇ ਜਦੋਂਕਿ ਪੀ.ਡੀ.ਪੀ. ਦੇ ਤਰਾਲ ਤੋਂ ਉਮੀਦਵਾਰ ਰਫ਼ੀਕ ਅਹਿਮਦ ਨਾਇਕ ਨੇ ਸਭ ਤੋਂ ਘੱਟ ਫ਼ਰਕ ਨਾਲ ਜਿੱਤ ਦਰਜ ਕੀਤੀ। ਰਾਣਾ ਜਿੱਥੇ 30,472 ਵੋਟਾਂ ਦੇ ਅੰਤਰ ਨਾਲ ਜਿੱਤੇ, ਉਥੇ ਨਾਇਕ ਦਾ ਫ਼ਰਕ ਮਹਿਜ਼ 460 ਵੋਟਾਂ ਦਾ ਸੀ। ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਸਣੇ ਪੰਜ ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਦੀ ਜਿੱਤ ਦਾ ਫ਼ਰਕ 1000 ਵੋਟਾਂ ਤੋਂ ਵੀ ਘੱਟ ਸੀ। ਸੱਜਾਦ ਲੋਨ ਆਪਣੇ ਪਰਿਵਾਰ ਦਾ ਗੜ੍ਹ ਕਹੀ ਜਾਂਦੀ ਹੰਦਵਾੜਾ ਸੀਟ 662 ਵੋਟਾਂ ਨਾਲ ਜਿੱਤਣ ਵਿਚ ਕਾਮਯਾਬ ਰਹੇ। ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਅਸੈਂਬਲੀ ਹਲਕੇ ਤੋਂ ਚੋਣ ਹਾਰ ਗਏ, ਹਾਲਾਂਕਿ ਉਨ੍ਹਾਂ ਦੀ ਅਗਵਾਈ ‘ਚ ਪਾਰਟੀ ਨੇ 29 ਸੀਟਾਂ ਜਿੱਤ ਕੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਵਿਚ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਰੈਨਾ ਨੇ ਕਿਹਾ, ‘ਮੈਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦਾ ਹਾਂ। ਮੈਂ ਉਨ੍ਹਾਂ ਵੱਲੋਂ ਦਿੱਤੀ ਹਮਾਇਤ ਲਈ ਧੰਨਵਾਦ ਕਰਦਾ ਹਾਂ।’ ਰੈਨਾ ਨੈਸ਼ਨਲ ਕਾਨਫਰੰਸ ਦੇ ਸੁਰਿੰਦਰ ਚੌਧਰੀ ਤੋਂ 7819 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਰੈਨਾ 10 ਸਾਲ ਪਹਿਲਾਂ ਨੌਸ਼ਹਿਰਾ ਤੋਂ ਵਿਧਾਇਕ ਚੁਣੇ ਗਏ ਸਨ ਜਦੋਂਕਿ ਉਸ ਤੋਂ ਪਹਿਲਾਂ ਇਸ ਸੀਟ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ।
ਅਸੈਂਬਲੀ ਚੋਣਾਂ ਵਿਚ ਕਾਂਗਰਸ ਦੀ ਆਪਣੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ। ਪਾਰਟੀ ਜੰਮੂ ਖਿੱਤੇ ਵਿਚ ਖੜ੍ਹੇ ਕੀਤੇ 29 ਉਮੀਦਵਾਰਾਂ ਵਿਚੋਂ ਸਿਰਫ਼ ਰਾਜੌਰੀ ਦੀ ਇਕ ਸੀਟ ਜਿੱਤਣ ਵਿਚ ਸਫ਼ਲ ਰਹੀ ਹੈ। 2014 ਵਿਚ ਕਾਂਗਰਸ ਨੇ ਇਥੋਂ ਕੁੱਲ ਪੰਜ ਸੀਟਾਂ ਜਿੱਤੀਆਂ ਸਨ। ਕਾਂਗਰਸ ਦੇ ਇਫ਼ਤਿਕਾਰ ਅਹਿਮਦ ਨੇ ਭਾਜਪਾ ਦੇ ਵਿਬੋਧ ਗੁਪਤਾ ਨੂੰ 1404 ਵੋਟਾਂ ਦ ਫ਼ਰਕ ਨਾਲ ਮਾਤ ਦਿੱਤੀ। ਪਾਰਟੀ ਦੇ ਕਈ ਪ੍ਰਮੁੱਖ ਆਗੂ, ਜਿਨ੍ਹਾਂ ਵਿਚ ਦੋ ਕਾਰਜਕਾਰੀ ਪ੍ਰਧਾਨ ਵੀ ਹਨ, ਚੋਣ ਹਾਰ ਗਏ। ਕਾਂਗਰਸ ਨੇ ਅਸੈਂਬਲੀ ਚੋਣਾਂ ਵਿਚ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਤਹਿਤ 32 ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿਚੋਂ ਬਹੁਤੇ ਜੰਮੂ ਖਿੱਤੇ ਵਿਚ ਸਨ। ਨੈਸ਼ਨਲ ਕਾਨਫਰੰਸ ਦੇ ਉਮੀਦਵਾਰਾਂ ਦੀ ਗਿਣਤੀ 51 ਸੀ। ਕਾਂਗਰਸ ਕਸ਼ਮੀਰ ਵਿਚ ਬਾਂਦੀਪੋਰਾ ਤੇ ਅਨੰਤਨਾਗ ਸਣੇ ਪੰਜ ਸੀਟਾਂ ਹੀ ਜਿੱਤ ਸਕੀ। ਸਾਬਕਾ ਮੰਤਰੀ ਪੀਰਜ਼ਾਦਾ ਮੁਹੰਮਦ ਸੱਯਦ ਨੇ ਅਨੰਤਨਾਗ ਤੇ ਸਾਬਕਾ ਵਿਧਾਇਕ ਨਿਜ਼ਾਮਉੱਦਦੀਨ ਭੱਟ ਨੇ ਬਾਂਦੀਪੋਰਾ ਤੋਂ ਜਿੱਤ ਦਰਜ ਕੀਤੀ। ਸੀ.ਪੀ.ਆਈ. (ਐੱਮ) ਆਗੂ ਐੱਮਵਾਈ ਤਾਰੀਗਾਮੀ ਲਗਾਤਾਰ ਪੰਜਵੀਂ ਵਾਰ ਕੁਲਗਾਮ ਸੀਟ ਤੋਂ ਜੇਤੂ ਰਹੇ। ਉਨ੍ਹਾਂ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਮੈਂਬਰ ਸਯਾਰ ਅਹਿਮਦ ਰੇਸ਼ੀ ਨੂੰ 7800 ਵੋਟਾਂ ਨਾਲ ਹਰਾਇਆ। ਤਾਰੀਗਾਮੀ ਨੂੰ ਕੁੱਲ 33,634 ਵੋਟਾਂ ਪਈਆਂ। ਸੀ.ਪੀ.ਐੱਮ. ਆਗੂ 1996 ਤੋਂ ਲਗਾਤਾਰ ਇਹ ਸੀਟ ਜਿੱਤਦਾ ਆ ਰਿਹਾ ਹੈ। ਇਸ ਦੌਰਾਨ ਪੀ.ਡੀ.ਪੀ. ਆਗੂ ਇਲਤਿਜਾ ਮੁਫ਼ਤੀ ਦੱਖਣੀ ਕਸ਼ਮੀਰ ਦੀ ਬਿਜਬੇਹੜਾ ਸੀਟ ਤੋਂ ਚੋਣ ਚਾਰ ਗਈ।