#EUROPE

ਡਬਲਯੂ.ਐੱਚ.ਓ. ਵੱਲੋਂ ਡੇਂਗੂ ਨਾਲ ਨਜਿੱਠਣ ਲਈ ਗਲੋਬਲ ਯੋਜਨਾ ਸ਼ੁਰੂ

ਜੇਨੇਵ, 5 ਅਕਤੂਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਡੇਂਗੂ ਅਤੇ ਹੋਰ ਏਡੀਜ਼ ਮੱਛਰ ਤੋਂ ਪੈਦਾ ਹੋਣ ਵਾਲੇ ਆਰਬੋਵਾਇਰਸ ਨਾਲ ਨਜਿੱਠਣ ਲਈ ਗਲੋਬਲ ਰਣਨੀਤਕ ਤਿਆਰੀ, ਮੁਸਤੈਦੀ ਅਤੇ ਪ੍ਰਤੀਕਿਰਿਆ ਯੋਜਨਾ (ਐੱਸ.ਪੀ.ਆਰ.ਪੀ.) ਦੀ ਸ਼ੁਰੂਆਤ ਕੀਤੀ ਹੈ। ਇਹ ਜਾਣਕਾਰੀ ਸੰਗਠਨ ਨੇ ਸ਼ੁੱਕਰਵਾਰ ਨੂੰ ਦਿੱਤੀ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਭਰ ਵਿਚ 4 ਅਰਬ ਲੋਕਾਂ ਨੂੰ ਆਰਬੋਵਾਇਰਸ ਤੋਂ ਸੰਕਰਮਣ ਦਾ ਖ਼ਤਰਾ ਹੈ ਅਤੇ ਇਹ ਸੰਖਿਆ 2050 ਤੱਕ ਵੱਧ ਕੇ 5 ਅਰਬ ਹੋ ਜਾਣ ਦਾ ਅਨੁਮਾਨ ਹੈ।
ਡਬਲਯੂ.ਐੱਚ.ਓ. ਨੇ ਕਿਹਾ ਕਿ ਡੇਂਗੂ ਹੁਣ 130 ਤੋਂ ਵੱਧ ਦੇਸ਼ਾਂ ਵਿਚ ਸਥਾਨਕ ਹੈ। ਐੱਸ.ਪੀ.ਆਰ.ਪੀ. ਯੋਜਨਾ ਸਤੰਬਰ 2025 ਤੱਕ ਇੱਕ ਸਾਲ ਵਿਚ ਲਾਗੂ ਕੀਤੀ ਜਾਵੇਗੀ ਅਤੇ ਇਸ ਲਈ ਸਿਹਤ ਦੀ ਤਿਆਰੀ, ਮੁਸ਼ਤੈਦੀ ਅਤੇ ਪ੍ਰਤੀਕਿਰਿਆ ਦੇ ਯਤਨਾਂ ਦਾ ਸਮਰਥਨ ਕਰਨ ਲਈ 5.5 ਕਰੋੜ ਅਮਰੀਕੀ ਡਾਲਰ ਦੀ ਲੋੜ ਹੋਵੇਗੀ।