#AMERICA

ਹੈਤੀ ਪ੍ਰਵਾਸੀਆਂ ਬਾਰੇ ਬੇਬੁਨਿਆਦ ਦੋਸ਼ ਲਾਉਣ ਦੇ ਮਾਮਲੇ ‘ਚ ਟਰੰਪ ਤੇ ਵੈਂਸ ਵਿਰੁੱਧ ਮੁਕੱਦਮਾ

ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਓਹਾਇਓ ਰਾਜ ਦੇ ਸਪਰਿੰਗਫੀਲਡ ਸ਼ਹਿਰ ‘ਚ ਰਹਿੰਦੇ ਹੈਤੀ ਪ੍ਰਵਾਸੀਆਂ ਬਾਰੇ ਬਿਨਾਂ ਸਬੂਤ ਗਲਤ ਦਾਅਵਾ ਕਰਨ ਦੇ ਮਾਮਲੇ ‘ਚ ਰਾਸ਼ਟਰਪਤੀ ਅਹੁਦੇ ਲਈ ਰਿਪਬਲੀਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਪ ਰਾਸ਼ਟਰਪਤੀ ਅਹੁਦੇ ਲਈ ਰਿਪਬਲੀਕਨ ਉਮੀਦਵਾਰ ਜੇ.ਡੀ. ਵੈਂਸ ਵਿਰੁੱਧ ਕਲਾਰਕ ਕਾਊਂਟੀ ਮਿਊਂਸਪਲ ਕੋਰਟ ‘ਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਕਾਨੂੰਨੀ ਲੜਾਈ ਦੀ ਅਗਵਾਈ ਮਾਨਵੀ ਹੱਕਾਂ ਬਾਰੇ ਭਾਰਤੀ ਮੂਲ ਦਾ ਤਜ਼ਰਬੇਕਾਰ ਵਕੀਲ ਸੁਬੋਧ ਚੰਦਰਾ ਸਾਨ ਡਿਆਗੋ ਆਧਾਰਿਤ ਹੈਤੀਅਨ ਬਰਿਜ ਅਲਾਇੰਸ ਦੀ ਤਰਫੋਂ ਕਰ ਰਿਹਾ ਹੈ। ਦਾਇਰ ਮੁਕੱਦਮੇ ਵਿਚ ਅਪਰਾਧਿਕ ਦੋਸ਼ ਲਾਏ ਗਏ ਹਨ ਤੇ ਕਿਹਾ ਗਿਆ ਹੈ ਕਿ ਡੋਨਲਡ ਟਰੰਪ ਤੇ ਵੈਂਸ ਨੇ ਵਾਰ-ਵਾਰ ਦਾਅਵਾ ਕੀਤਾ ਕਿ ਹੈਤੀ ਲੋਕ ਸਥਾਨਕ ਲੋਕਾਂ ਦੇ ਪਾਲਤੂ ਜਾਨਵਰ, ਕੁੱਤੇ ਤੇ ਬਿੱਲੀਆਂ ਨੂੰ ਚੋਰੀ ਕਰਕੇ ਖਾਂਦੇ ਹਨ। ਇਸ ਦਾਅਵੇ ਨੂੰ ਸ਼ਹਿਰ ਤੇ ਰਾਜ ਦੇ ਅਧਿਕਾਰੀਆਂ ਨੇ ਮੂਲੋਂ ਹੀ ਰੱਦ ਕਰ ਦਿੱਤਾ ਸੀ। ਹੈਤੀਅਨ ਬਰਿਜ ਅਲਾਇੰਸ ਇਕ ਗੈਰ ਮੁਨਾਫਾ ਸਮਾਜਿਕ ਸੰਸਥਾ ਹੈ, ਜੋ ਪ੍ਰਵਾਸੀਆਂ ਨੀਤੀਆਂ ਸਬੰਧੀ ਕੰਮ ਕਰਦੀ ਹੈ। ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਗੁਰਲਾਈਨ ਜੋਜ਼ਫ ਵਲੋਂ ਅਦਾਲਤ ‘ਚ ਦਾਇਰ ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਟਰੰਪ ਤੇ ਵੈਂਸ ਨੇ ਬੇਬੁਨਿਆਦ ਦੋਸ਼ ਲਾ ਕੇ ਹੈਤੀਅਨ ਭਾਈਚਾਰੇ ਵਿਚ ਡਰ ਤੇ ਸਹਿਮ ਦਾ ਮਹੌਲ ਪੈਦਾ ਕੀਤਾ ਹੈ।