#CANADA

ਕੈਨੇਡਾ ‘ਚ ਜਲਦ ਹੋ ਸਕਦੀਆਂ ਨੇ ਚੋਣਾਂ!

ਟੋਰਾਂਟੋ, 1 ਅਕਤੂਬਰ (ਪੰਜਾਬ ਮੇਲ)- ਕੈਨੇਡਾ ‘ਚ ਜਸਟਿਨ ਟਰੂਡੋ ਸਰਕਾਰ ਵਿਰੁੱਧ ਦੂਜੇ ਬੇਭਰੋਸਗੀ ਮਤੇ ‘ਤੇ ਹਾਊਸ ਆਫ ਕਾਮਨਜ਼ ‘ਚ ਵੋਟਿੰਗ ਹੋਣੀ ਹੈ ਪਰ ਇਸ ਦੌਰਾਨ ਸੱਤਾਧਾਰੀ ਲਿਬਰਲਾਂ ਅਤੇ ਮੁੱਖ ਵਿਰੋਧੀ ਕੰਜ਼ਰਵੇਟਿਵਾਂ ਸਮੇਤ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਇਸ਼ਤਿਹਾਰਬਾਜ਼ੀ ਅਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਟਰੂਡੋ ਅਤੇ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਸਮੇਤ ਸੀਨੀਅਰ ਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਪਾਰਟੀ ਦੇ ਵਫਾਦਾਰਾਂ ਅਤੇ ਕਾਰਕੁਨਾਂ ਨੂੰ ਕਿਸੇ ਵੀ ਸਮੇਂ ਚੋਣਾਂ ਦੀ ਚਿਤਾਵਨੀ ਦਿੱਤੀ ਹੈ। ਟਰੂਡੋ ਨੇ ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ ਵਾਂਗ ਆਪਣੇ ਸਮਰਥਕਾਂ ਅਤੇ ਵਰਕਰਾਂ ਨੂੰ ਤੁਰੰਤ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ, ਜਦੋਂਕਿ ਕੰਜ਼ਰਵੇਟਿਵ ਪੋਲੀਵਰੇ ਨੇ ਕਰਾਸ-ਕੰਟਰੀ ਟੀ.ਵੀ. ਅਤੇ ਡਿਜੀਟਲ ਮੀਡੀਆ ‘ਤੇ ਫਰਾਂਸੀਸੀ ਅਤੇ ਅੰਗਰੇਜ਼ੀ ਵਿਚ ਇੱਕ ਨਵੀਂ ਵਿਗਿਆਪਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਕੈਨੇਡੀਅਨਾਂ ਦੀ ਬਿਹਤਰੀਨ ਤਰੀਕੇ ਨਾਲ ਸੇਵਾ ਕਰਾਂ ਅਤੇ ਉਨ੍ਹਾਂ ਦਾ ਬਿਹਤਰ ਭਵਿੱਖ ਸਿਰਜਾਂ। ਅਸੀਂ ਜਨਤਾ ਲਈ ਬਹੁਤ ਕੁਝ ਕੀਤਾ ਹੈ। ਇਹ ਸਿਰਫ ਸਾਡੀ ਪਾਰਟੀ ਹੈ, ਜੋ ਦੇਸ਼ ਦੇ ਲੋਕਾਂ ਨਾਲ, ਹਰ ਪੀੜ੍ਹੀ ਦੇ ਭਵਿੱਖ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਸਨੇ ਕੰਜ਼ਰਵੇਟਿਵ, ਬਲਾਕ ਅਤੇ ਐੱਨ.ਡੀ.ਪੀ. ‘ਤੇ ਸਿਰਫ ਰਾਜਨੀਤੀ ਨੂੰ ਸਭ ਤੋਂ ਉੱਪਰ ਰੱਖਣ ਦਾ ਦੋਸ਼ ਲਗਾਇਆ। ਉਨ੍ਹਾਂ ਸਰਕਾਰੀ ਸਕੀਮਾਂ, ਖਾਸ ਕਰਕੇ ਬੱਚਿਆਂ ਦੀ ਦੇਖਭਾਲ, ਸਕੂਲਾਂ ਵਿਚ ਪੌਸ਼ਟਿਕ ਭੋਜਨ, ਰਿਹਾਇਸ਼ੀ ਯੋਜਨਾਵਾਂ, ਦੰਦਾਂ ਦੀ ਦੇਖਭਾਲ, ਮੱਧ ਵਰਗ ਲਈ ਚੰਗੀਆਂ ਨੌਕਰੀਆਂ, ਜਲਵਾਯੂ ਤਬਦੀਲੀ ਨਾਲ ਲੜਨ ਆਦਿ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦੇਣ ਦਾ ਸੱਦਾ ਦਿੱਤਾ।