-2025-26 ਦੌਰਾਨ ਸਟੂਡੈਂਟ ਵੀਜ਼ਾ ਕੈਪ ‘ਚ 5 ਫੀਸਦੀ ਦੀ ਕਟੌਤੀ ਕਰਨ ਦੀ ਤਿਆਰੀ
ਟੋਰਾਂਟੋ, 24 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਕ ਅਹਿਮ ਬਿਆਨ ਜਾਰੀ ਕੀਤਾ ਹੈ। ਆਪਣੇ ਬਿਆਨ ਵਿਚ ਉਸ ਨੇ ਭਾਰਤ-ਕੈਨੇਡਾ ਵਿਚਾਲੇ ਸਬੰਧਾਂ ਦਾ ਜ਼ਿਕਰ ਕੀਤਾ ਹੈ। ਮਿਲਰ ਮੁਤਾਬਕ ਹਾਲ ਹੀ ਦੇ ਸਮੇਂ ਵਿਚ ਭਾਰਤੀਆਂ ਦੀ ਆਮਦ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਮਾਰਕ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਦੱਸਿਆ ਕਿ ਜਨਵਰੀ ਤੋਂ ਹੁਣ ਤੱਕ ਭਾਰਤੀਆਂ ਦੀ ਗਿਣਤੀ ਵਿਚ 40 ਹਜ਼ਾਰ ਦਾ ਫਰਕ ਦਰਜ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿਦੇਸ਼ ਅਤੇ ਇਮੀਗ੍ਰੇਸਨ ਮੰਤਰੀ ਮਾਰਕ ਮਿਲਰ ਨੇ ਇਕ ਵੀਡੀਓ ਸੰਬੋਧਨ ਜਾਰੀ ਕਰਦਿਆਂ ਦੱਸਿਆ ਕਿ ਕੈਨੇਡਾ ਨੇ ਹਾਲ ਦੇ ਸਮੇਂ ਵਿਚ ਵਿਦਿਆਰਥੀ ਵੀਜ਼ਾ ਕੈਪ ਵਿਚ ਕਟੌਤੀ ਕੀਤੀ ਹੈ। ਉਨ੍ਹਾਂ ਨੇ ਇਸ ਦੌਰਾਨ ਇਮੀਗ੍ਰੇਸ਼ਨ ਤੱਥਾਂ ਦਾ ਹਵਾਲਾ ਦਿੱਤਾ। ਭਾਰਤ ਬਾਰੇ ਗੱਲ ਕਰਦਿਆਂ ਮਿਲਰ ਨੇ ਇਕ ਉਦਾਹਰਨ ਦਿੰਦੇ ਦੱਸਿਆ ਕਿ ਜਿੱਥੇ ਜਨਵਰੀ ਵਿਚ 50 ਹਜ਼ਾਰ ਭਾਰਤੀ ਕੈਨੇਡਾ ਆਏ ਸਨ, ਉੱਥੇ ਅਗਸਤ ਵਿਚ ਇਹ ਗਿਣਤੀ ਘੱਟ ਕੇ ਸਿਰਫ਼ 10 ਹਜ਼ਾਰ ਰਹਿ ਗਈ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦੱਸਿਆ ਕਿ 2025-26 ਦੌਰਾਨ ਸਟੂਡੈਂਟ ਵੀਜ਼ਾ ਕੈਪ ਵਿਚ 5 ਫੀਸਦੀ ਦੀ ਕਟੌਤੀ ਕਰਨ ਦੀ ਤਿਆਰੀ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਦੀ ਟਰੂਡੋ ਸਰਕਾਰ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਸਟੂਡੈਂਟ ਵੀਜ਼ਿਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਐਕਸ ‘ਤੇ ਪੋਸਟ ਕਰ ਕੇ ਇਸ ਦਾ ਐਲਾਨ ਕੀਤਾ। ਜਸਟਿਨ ਟਰੂਡੋ ਨੇ ਟਵੀਟ ਕਰ ਕਿਹਾ ਕਿ ਇਸ ਸਾਲ 35 ਫ਼ੀਸਦੀ ਘੱਟ ਸਟੂਡੈਂਟ ਵੀਜ਼ੇ ਦੇਣ ਦਾ ਫ਼ੈਸਲਾ ਲਿਆ ਹੈ ਤੇ ਨਾਲ ਹੀ ਇਹ ਵੀ ਐਲਾਨ ਕੀਤਾ ਹੈ ਕਿ ਅਗਲੇ ਸਾਲ ਇਹ ਗਿਣਤੀ 10 ਫ਼ੀਸਦੀ ਹੋਰ ਘਟਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇਕ ਫਾਇਦਾ ਹੈ, ਪਰ ਜਦੋਂ ਕੁਝ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਹਨ, ਤਾਂ ਅਸੀਂ ਉਨ੍ਹਾਂ ‘ਤੇ ਕਾਰਵਾਈ ਕਰਦੇ ਹਾਂ। ਇਸ ਦੇ ਨਾਲ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਘੱਟ ਤਨਖ਼ਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਉਣ ਦਾ ਵੀ ਐਲਾਨ ਕੀਤਾ ਤੇ ਕਿਹਾ ਕਿ ਅਸੀਂ ਉਨ੍ਹਾਂ ਦੇ ਕੰਮ ਦੀਆਂ ਸ਼ਰਤਾਂ ਦੀ ਮਿਆਦ ਨੂੰ ਵੀ ਘਟਾ ਰਹੇ ਹਾਂ।