#INDIA

ਭਾਰਤੀ ਹਥਿਆਰ ਨਿਰਮਾਤਾਵਾਂ ਵੱਲੋਂ ਯੂਰਪੀ ਗਾਹਕਾਂ ਨੂੰ ਵੇਚੇ ਤੋਪਾਂ ਦੇ ਗੋਲੇ ਯੂਕਰੇਨ ਪੁੱਜੇ

ਮਾਸਕੋ ਵੱਲੋਂ ਨਵੀਂ ਦਿੱਲੀ ਕੋਲ ਇਤਰਾਜ਼ ਜ਼ਾਹਰ
ਨਵੀਂ ਦਿੱਲੀ, 19 ਸਤੰਬਰ (ਪੰਜਾਬ ਮੇਲ)- ਭਾਰਤੀ ਹਥਿਆਰ ਨਿਰਮਾਤਾਵਾਂ ਵੱਲੋਂ ਵੇਚੇ ਗਏ ਤੋਪਾਂ ਦੇ ਗੋਲਿਆਂ ਨੂੰ ਉਨ੍ਹਾਂ ਦੇ ਯੂਰਪੀ ਗਾਹਕਾਂ ਨੇ ਰੂਸ ਖ਼ਿਲਾਫ਼ ਜੰਗ ‘ਚ ਵਰਤਣ ਵਾਸਤੇ ਯੂਕਰੇਨ ਨੂੰ ਭੇਜ ਦਿੱਤਾ ਹੈ ਅਤੇ ਰੂਸ ਵੱਲੋਂ ਇਸ ਦੇ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਭਾਰਤ ਨੇ ਇਸ ਕਾਰਵਾਈ ਨੂੰ ਰੋਕਣ ਲਈ ਕੋਈ ਦਖ਼ਲ ਨਹੀਂ ਦਿੱਤਾ। ਖ਼ਬਰ ਏਜੰਸੀ ਰਾਇਟਰਜ਼ ਨੇ ਆਪਣੀ ਖ਼ਾਸ ਰਿਪੋਰਟ ਵਿਚ ਦਾਅਵਾ ਕੀਤਾ ਕਿ ਇਹ ਖ਼ੁਲਾਸਾ ਭਾਰਤੀ ਤੇ ਯੂਰਪੀ ਅਧਿਕਾਰੀਆਂ ਤੇ ਰੱਖਿਆ ਸਨਅਤ ਨਾਲ ਜੁੜੇ ਸੂਤਰਾਂ ਵੱਲੋਂ ਕੀਤਾ ਗਿਆ ਹੈ ਅਤੇ ਏਜੰਸੀ ਦੇ ਆਪਣੇ ਵਿਸ਼ਲੇਸ਼ਣ ਵਿਚ ਵੀ ਇਹ ਗੱਲ ਉੱਭਰ ਕੇ ਆਈ ਹੈ।
ਸੂਤਰਾਂ ਅਤੇ ਗਾਹਕਾਂ ਦੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਯੂਕਰੇਨ ਨੂੰ ਰੂਸ ਖ਼ਿਲਾਫ਼ ਜੰਗ ਵਿਚ ਯੂਰਪੀ ਮੁਲਕਾਂ ਵੱਲੋਂ ਦਿੱਤੀ ਜਾ ਰਹੀ ਮਦਦ ਦੇ ਹਿੱਸੇ ਵਜੋਂ ਕੀਵ ਨੂੰ ਭਾਰਤੀ ਅਸਲੇ ਦੀ ਇਹ ਸਪਲਾਈ ਬੀਤੇ ਕਰੀਬ ਇਕ ਸਾਲ ਤੋਂ ਜਾਰੀ ਹੈ। ਗ਼ੌਰਤਲਬ ਹੈ ਕਿ ਭਾਰਤ ਦੇ ਹਥਿਆਰਾਂ ਦੀ ਬਰਾਮਦ ਸਬੰਧੀ ਨਿਯਮ ਸਾਫ਼ ਤੌਰ ‘ਤੇ ਵੇਚੇ ਗਏ ਹਥਿਆਰਾਂ ਨੂੰ ਇਨ੍ਹਾਂ ਦੇ ਐਲਾਨੀਆ ਗਾਹਕਾਂ ਤੋਂ ਇਲਾਵਾ ਕਿਸੇ ਹੋਰ ਵੱਲੋਂ ਵਰਤੇ ਜਾਣ ਦੀ ਮਨਾਹੀ ਕਰਦੇ ਹਨ ਅਤੇ ਗਾਹਕਾਂ ਵੱਲੋਂ ਅਜਿਹਾ ਕੀਤੇ ਜਾਣ ‘ਤੇ ਉਨ੍ਹਾਂ ਨੂੰ ਭਵਿੱਖ ਵਿਚ ਹਥਿਆਰ ਦੇਣ ਤੋਂ ਨਾਂਹ ਕੀਤੀ ਜਾ ਸਕਦੀ ਹੈ।
ਤਿੰਨ ਭਾਰਤੀ ਅਧਿਕਾਰੀਆਂ ਮੁਤਾਬਕ ਮਾਸਕੋ ਨੇ ਘੱਟੋ-ਘੱਟ ਦੋ ਵਾਰ ਇਹ ਮਾਮਲਾ ਭਾਰਤ ਕੋਲ ਉਠਾਇਆ ਹੈ, ਜਿਨ੍ਹਾਂ ਵਿਚ ਬੀਤੇ ਜੁਲਾਈ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਹੋਈ ਮੀਟਿੰਗ ਵੀ ਸ਼ਾਮਲ ਹੈ। ਇਸ ਸਬੰਧੀ ਟਿੱਪਣੀ ਲਈ ਖ਼ਬਰ ਏਜੰਸੀ ਵੱਲੋਂ ਸੰਪਰਕ ਕੀਤੇ ਜਾਣ ‘ਤੇ ਭਾਰਤੀ ਅਤੇ ਰੂਸੀ ਰੱਖਿਆ ਮੰਤਰਾਲਿਆਂ ਨੇ ਇਸ ਸਬੰਧੀ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਬੀਤੇ ਜਨਵਰੀ ਮਹੀਨੇ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਭਾਰਤ ਨੇ ਯੂਕਰੇਨ ਨੂੰ ਨਾ ਤਾਂ ਤੋਪਾਂ ਦੇ ਗੋਲੇ ਵੇਚੇ ਹਨ ਅਤੇ ਨਾ ਹੀ ਭੇਜੇ ਹਨ।
ਭਾਰਤ ਸਰਕਾਰ ਅਤੇ ਰੱਖਿਆ ਸਨਅਤ ਨਾਲ ਸਬੰਧਤ ਦੋ-ਦੋ ਸੂਤਰਾਂ ਨੇ ਦੱਸਿਆ ਕਿ ਯੂਕਰੇਨ ਵਿਚ ਵਰਤੇ ਜਾ ਰਹੇ ਅਸਲੇ ਦਾ ਬਹੁਤ ਛੋਟਾ ਜਿਹਾ ਹਿੱਸਾ ਹੀ ਭਾਰਤ ਵੱਲੋਂ ਬਣਾਇਆ ਜਾਂਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਕੀਵ ਵੱਲੋਂ ਦਰਾਮਦ ਕੀਤੇ ਗਏ ਅਸਲੇ ਵਿਚ ਭਾਰਤੀ ਅਸਲੇ ਦਾ ਹਿੱਸਾ ਮਹਿਜ਼ 1 ਫ਼ੀਸਦੀ ਵੀ ਨਹੀਂ ਬਣਦਾ।
ਇਸ ਦੌਰਾਨ ਮਾਸਕੋ ਤੋਂ ਪੁੱਜੀਆਂ ਖ਼ਬਰਾਂ ਮੁਤਾਬਕ ਰੂਸੀ ਫ਼ੌਜਾਂ ਨੇ ਯੂਕਰੇਨ ਦੇ ਪੂਰਬੀ ਖ਼ਿੱਤੇ ਦੋਨੇਤਸਤਕ ਦੇ ਇਕ ਪਿੰਡ ਹੀਓਰੀਵਕਾ ਉਤੇ ਕਬਜ਼ਾ ਕਰ ਲਿਆ ਹੈ। ਇਹ ਦਾਅਵਾ ਰੂਸੀ ਖ਼ਬਰ ਏਜੰਸੀ ਰੀਆ ਨੇ ਰੂਸੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕੀਤਾ ਹੈ। ਇਸ ਦਾਅਵੇ ਦੀ ਆਜ਼ਾਦਾਨਾ ਪੁਸ਼ਟੀ ਨਹੀਂ ਹੋ ਸਕੀ।