ਨਵੀਂ ਦਿੱਲੀ, 4 ਸਤੰਬਰ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਥੀ ਬਿਭਵ ਕੁਮਾਰ ਨੂੰ ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਕੇਸ ‘ਚ ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਹ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਤਿਹਾੜ ਜੇਲ੍ਹ ‘ਚ ਬੰਦ ਸੀ। ਸੂਤਰਾਂ ਨੇ ਦੱਸਿਆ ਕਿ ਬਿਭਵ ਕੁਮਾਰ ਨੂੰ ਬਾਅਦ ਦੁਪਹਿਰ 2 ਵਜੇ ਜੇਲ੍ਹ ਨੰਬਰ 5 ਤੋਂ ਰਿਹਾਅ ਕੀਤਾ ਗਿਆ। ਦੱਸਣਯੋਗ ਹੈ ਕਿ ਵਿਭਵ ਕੁਮਾਰ ਨੇ 13 ਮਈ ਨੂੰ ਕੇਜਰੀਵਾਲ ਦੀ ਅਧਿਕਾਰਤ ਰਿਹਾਇਸ਼ ‘ਤੇ ਸਵਾਤੀ ਮਾਲੀਵਾਲ ‘ਤੇ ਕਥਿਤ ਹਮਲਾ ਕਰ ਦਿੱਤਾ ਸੀ। ਦਿੱਲੀ ਪੁਲਿਸ ਨੇ ਉਸ ਨੂੰ 18 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਸੁਪਰੀਮ ਕੋਰਟ ਨੇ ਬੀਤੇ ਦਿਨੀਂ ਕੁਮਾਰ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ 100 ਦਿਨਾਂ ਤੋਂ ਵੱਧ ਸਮੇਂ ਤੋਂ ਜੇਲ੍ਹ ‘ਚ ਬੰਦ ਹੈ। ਜਸਟਿਸ ਸੂਰਿਆ ਕਾਂਤ ਅਤੇ ਉੱਜਲ ਭੂਈਆਂ ਦੇ ਬੈਂਚ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਸਰਕਾਰੀ ਧਿਰ ਨੇ 51 ਗਵਾਹਾਂ ਤੋਂ ਪੁੱਛ ਪੜਤਾਲ ਦੀ ਤਜਵੀਜ਼ ਰੱਖੀ ਹੈ ਅਤੇ ਕਿਹਾ ਸੀ ਕਿ ਸੁਣਵਾਈ ਪੂਰੀ ਹੋਣ ਵਿਚ ਸਮਾਂ ਲੱਗੇਗਾ। ਬੈਂਚ ਨੇ ਇਹ ਵੀ ਆਖਿਆ ਸੀ ਕਿ ਕੇਸ ‘ਚ ਦੋਸ਼ ਪੱਤਰ ਪਹਿਲਾਂ ਹੀ ਦਾਇਰ ਕੀਤਾ ਜਾ ਚੁੱਕਾ ਹੈ ਅਤੇ ਇਸ ਕਰਕੇ ਬਿਭਵ ਕੁਮਾਰ ਦੀ ਜ਼ਮਾਨਤ ਨਾਲ ਕੇਸ ਦੀ ਜਾਂਚ ‘ਤੇ ਕੋਈ ਅਸਰ ਨਹੀਂ ਪਵੇਗਾ।