#PUNJAB

ਐੱਨ.ਆਰ.ਆਈ. ਮਹਿਲਾ ਵੱਲੋਂ ਸਹੁਰੇ ਪਰਿਵਾਰ ‘ਤੇ ਕੁੱਟਮਾਰ ਦਾ ਦੋਸ਼

ਜਲੰਧਰ, 2 ਸਤੰਬਰ (ਪੰਜਾਬ ਮੇਲ)- ਇੱਥੋਂ ਦੇ ਬਿਲਗਾ ਕਸਬੇ ਵਿਚ ਅਮਰੀਕਾ ਤੋਂ ਆਈ ਗਰਭਵਤੀ ਔਰਤ ਨੇ ਸੁਹਰਿਆਂ ‘ਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਇਸ ਸਬੰਧੀ ਥਾਣਾ ਬਿਲਗਾ ਵਿਚ ਸ਼ਿਕਾਇਤ ਕੀਤੀ ਹੋਈ ਹੈ। ਔਰਤ ਨੇ ਕਿਹਾ ਹੈ ਕਿ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਉਹ 28 ਅਗਸਤ ਨੂੰ ਅਮਰੀਕਾ ਤੋਂ ਪੰਜਾਬ ਆਈ ਸੀ। ਉਹ ਜੱਦੀ ਪਿੰਡ ਉੱਚਪੁਰ ਸਥਿਤ ਘਰ ਵਿਚ ਰਹਿ ਰਹੀ ਸੀ। ਜਦੋਂ ਸਹੁਰੇ ਘਰ ਗਈ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਢਿੱਡ ਵਿਚ ਲੱਤਾਂ ਮਾਰੀਆਂ। ਉਸ ਨੇ ਦੱਸਿਆ ਕਿ ਉਹ ਉਸ ਵੇਲੇ ਤਿੰਨ ਮਹੀਨੇ ਦੀ ਗਰਭਵਤੀ ਸੀ। ਪੀੜਤਾ ਦੇ ਸਹੁਰੇ ਜਸਪਾਲ ਸਿੰਘ ਅਤੇ ਸੱਸ ਰਛਪਾਲ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ।