#AMERICA

ਟਰੰਪ ਵੱਲੋਂ ਕਮਲਾ ਹੈਰਿਸ ਖਿਲਾਫ ਨਿੱਜੀ ਹਮਲੇ ਜਾਰੀ

”ਸਾਨੂੰ ਕਿਸੇ ਬੇਕਾਰ ਵਿਅਕਤੀ ਦੀ ਲੋੜ ਨਹੀਂ”
ਵਾਸ਼ਿੰਗਟਨ, 31 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਡੈਮੋਕ੍ਰੇਟਿਕ ਪਾਰਟੀ ਦੀ ਵਿਰੋਧੀ ਕਮਲਾ ਹੈਰਿਸ ‘ਤੇ ਨਿੱਜੀ ਹਮਲਾ ਕਰਦਿਆਂ ਉਨ੍ਹਾਂ ਨੂੰ ‘ਬੇਕਾਰ’ ਕਰਾਰ ਦਿੱਤਾ ਹੈ। ਹੈਰਿਸ (59) ‘ਤੇ ਵੀਰਵਾਰ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ‘ਸੀ.ਐੱਨ.ਐੱਨ.’ ਨਾਲ ਆਪਣੇ ਪਹਿਲੇ ਵੱਡੇ ਇੰਟਰਵਿਊ ਤੋਂ ਬਾਅਦ ਟਰੰਪ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ। ਦੱਸ ਦੇਈਏ ਕਿ ਭਾਰਤੀ ਮੂਲ ਦੀ ਹੈਰਿਸ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਦਾ ਸਾਹਮਣਾ ਟਰੰਪ (78) ਨਾਲ ਹੋਵੇਗਾ।
ਟਰੰਪ ਨੇ ਸ਼ੁੱਕਰਵਾਰ ਨੂੰ ‘ਮਾਮਸ ਫਾਰ ਲਿਬਰਟੀ’ ਨਾਂ ਦੇ ਇਕ ਰੂੜੀਵਾਦੀ ਗੈਰ-ਲਾਭਕਾਰੀ ਸੰਸਥਾ ਦੀ ਸਾਲਾਨਾ ਸਭਾ ‘ਚ ਕਿਹਾ ”ਮੈਨੂੰ ਲੱਗਦਾ ਹੈ ਕਿ ਜੇਕਰ ਉਹ ਸਿਰਫ ਇੰਟਰਵਿਊ ਦਿੰਦੀ ਤਾਂ ਬਿਹਤਰ ਹੁੰਦਾ, ਭਾਵੇਂ ਉਹ ਬਹੁਤ ਵਧੀਆ ਨਾ ਹੋਵੇ,” ਪਰ ਬਿਹਤਰ ਹੁੰਦਾ… ਕਿਉਂਕਿ ਹੁਣ ਹਰ ਕੋਈ ਦੇਖ ਰਿਹਾ ਹੈ ਅਤੇ ਅਸੀਂ ਸਾਰੇ ਦੇਖ ਰਹੇ ਹਾਂ ਕਿ ਉਹ ਬੇਕਾਰ ਹਨ। ਉਹ ਬੇਖਾਰ ਸ਼ਖਸੀਅਤ ਹਨ।” ਟਰੰਪ ਨੇ ਕਿਹਾ, ”ਸਾਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਕਿਸੇ ਹੋਰ ਬੇਕਾਰ ਵਿਅਕਤੀ ਦੀ ਲੋੜ ਨਹੀਂ ਹੈ।” ਇਸ ਤੋਂ ਪਹਿਲਾਂ, ਟਰੰਪ ਨੇ ਹੈਰਿਸ ਦੇ ਰੰਗ-ਰੂਪ ਨੂੰ ਲੈ ਕੇ ਨਿਸ਼ਾਨਾ ਵਿੰਨਦਿਆਂ ਕਿਹਾ ਸੀ ਕਿ ਉਹ ”ਉਨ੍ਹਾਂ ਨਾਲੋਂ ਕਾਫ਼ੀ ਜ਼ਿਆਦਾ ਚੰਗੇ ਦਿੱਸਦੇ ਹਨ।” ਸਾਬਕਾ ਰਾਸ਼ਟਰਪਤੀ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਕਿਹਾ ਸੀ ਕਿ ਉਹ ਹੈਰਿਸ ‘ਤੇ ਨਿੱਜੀ ਹਮਲਾ ਕਰਨ ਦਾ ”ਅਧਿਕਾਰ” ਰੱਖਦੇ ਹਨ ਕਿਉਂਕਿ ਉਨ੍ਹਾਂ ਦੇ ਮਨ ‘ਚ ਹੈਰਿਸ ਲਈ ਜ਼ਿਆਦਾ ਇੱਜ਼ਤ ਨਹੀਂ ਹੈ।
ਟਰੰਪ ਨੇ ਹੈਰਿਸ ਦੀ ਨਸਲੀ ਪਛਾਣ ‘ਤੇ ਵੀ ਸਵਾਲ ਉਠਾਏ ਹਨ। ਸੀ.ਐੱਨ.ਐੱਨ. ਨਾਲ ਬੁੱਧਵਾਰ ਨੂੰ ਕੀਤੇ ਗਏ ਇੰਟਰਵਿਊ ‘ਚ ਹੈਰਿਸ ਨੇ ਟ੍ਰੰਪ ਦੀ ਉਸ ਟਿੱਪਣੀ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ‘ਚ ਉਨ੍ਹਾਂ ਦੀ ਨਸਲ ‘ਤੇ ਸਵਾਲ ਉਠਾਏ ਗਏ ਸਨ। ਇਸ ਦੌਰਾਨ ਹੈਰਿਸ ਨੇ ਜਵਾਬ ਦਿੱਤਾ, ”ਉਹੀ ਪੁਰਾਣੀ, ਘਿਸੀ-ਪਿਟੀ ਰਣਨੀਤੀ। ਕਿਰਪਾ ਕਰਕੇ ਅਗਲਾ ਸਵਾਲ ਪੁੱਛੋ।” ਪੈਨਸਿਲਵੇਨੀਆ ‘ਚ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਦੌਰਾਨ ਟਰੰਪ ਨੇ ਇੰਟਰਵਿਊ ਬਾਰੇ ਸੰਖੇਪ ਟਿੱਪਣੀ ਕੀਤੀ। ਟਰੰਪ ਨੇ ਕਿਹਾ, ”ਕੀ ਤੁਸੀਂ ਉਨ੍ਹਾਂ ਨੂੰ ਕੱਲ੍ਹ ਰਾਤ ਟੈਲੀਵਿਜ਼ਨ ‘ਤੇ ਦੇਖਿਆ? ਕੀ ਉਹ ਸਾਡੇ ਦੇਸ਼ ਦੀ ਰਾਸ਼ਟਰਪਤੀ ਬਣਨ ਵਾਲੇ ਹਨ? ਮੈਨੂੰ ਅਜਿਹਾ ਨਹੀਂ ਲੱਗਦਾ।” ਸੀ.ਐੱਨ.ਐੱਨ. ਨੇ ਇੰਟਰਵਿਊ ਦਾ ਪੂਰਾ ਹਿੱਸਾ ਪ੍ਰਸਾਰਿਤ ਕੀਤਾ ਹੈ ਪਰ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਹਾਈਲਾਈਟ ਕਰਨ ਦੀ ਬਜਾਏ ਇੰਟਰਵਿਊ ਨੂੰ ਪਹਿਲਾਂ ਤੋਂ ਰਿਕਾਰਡ ਕਰਨ ਲਈ ਖ਼ਬਰਾਂ ਦੇ ਚੈਨਲ ਦੀ ਆਲੋਚਨਾ ਕੀਤੀ, ਇਹ ਦੱਸਦਿਆਂ ਕਿ ਇਹ ਹੈਰਿਸ ਦੀਆਂ ਗਲਤੀਆਂ ਨੂੰ ਲੁਕਾਉਣ ਦਾ ਇਕ ਤਰੀਕਾ ਸੀ।