#INDIA

1984 ਸਿੱਖ ਵਿਰੋਧੀ ਦੰਗੇ: ਟਾਈਟਲਰ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ

ਨਵੀਂ ਦਿੱਲੀ, 31 ਅਗਸਤ (ਪੰਜਾਬ ਮੇਲ)- ਦਿੱਲੀ ਦੀ ਇਕ ਅਦਾਲਤ ਨੇ 1984 ’ਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਉੱਤਰੀ ਦਿੱਲੀ ਦੇ ਪੁਲ ਬੰਗਸ਼ ਇਲਾਕੇ ’ਚ ਤਿੰਨ ਲੋਕਾਂ ਦੀ ਕਥਿਤ ਹੱਤਿਆ ਦੇ ਇਕ ਮਾਮਲੇ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ’ ਤੇ ਕਤਲ ਅਤੇ ਹੋਰ ਅਪਰਾਧਾਂ ਦੇ ਸ਼ੁੱਕਰਵਾਰ ਨੂੰ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ। ਸੀ. ਬੀ. ਆਈ. ਕੇਸਾਂ ਲਈ ਵਿਸ਼ੇਸ਼ ਅਦਾਲਤ ਦੇ ਜੱਜ ਰਾਕੇਸ਼ ਸਿਆਲ ਨੇ ਕਿਹਾ ਕਿ ਮੁਕੱਦਮਾ ਚਲਾਉਣ ਲਈ ਕਾਫੀ ਸਬੂਤ ਹਨ।

ਅਦਾਲਤ ਨੇ ਜਗਦੀਸ਼ ਟਾਈਟਲਰ ਖਿਲਾਫ ਆਈ.ਪੀ.ਸੀ. ਦੀ ਧਾਰਾ 302 (ਕਤਲ), 147 (ਦੰਗੇ), 109 (ਅਪਰਾਧ ਲਈ ਉਕਸਾਉਣ) ਅਤੇ ਹੋਰ ਧਾਰਾਵਾਂ ਤਹਿਤ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਪੁਲ ਬੰਗਸ਼ ਇਲਾਕੇ ’ਚ 3 ਸਿੱਖਾਂ ਦੇ ਕਤਲ ਅਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦੇ ਦੋਸ਼ਾਂ ਨਾਲ ਸਬੰਧਤ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ।

ਅਦਾਲਤ ਦੇ ਫੈਸਲਿਆਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਸਾਡੇ  ਭਾਈਚਾਰੇ ਦੀ ਆਵਾਜ਼ 40 ਸਾਲਾਂ ਬਾਅਦ ਸੁਣੀ ਗਈ ਹੈ।

ਡੀ.ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਟਾਈਟਲਰ ਨੇ ਜ਼ਮਾਨਤ ਲੈ ਲਈ ਸੀ ਪਰ ਹੁਣ ਉਸ ਵਿਰੁੱਧ ਦੋਸ਼ ਤੈਅ ਕਰਨ ਵਿਚ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸੀਖਾਂ ਪਿੱਛੇ ਭੇਜਿਆ ਜਾਵੇਗਾ।