ਮਾਛੀਵਾੜਾ ਸਾਹਿਬ, 18 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਛਾਣ ਵੰਸ਼ਦੀਪ (19) ਵਜੋਂ ਹੋਈ ਹੈ ਜੋ ਕਿ ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਵੰਸ਼ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਜਿੱਥੇ ਸੜਕ ਹਾਦਸੇ ‘ਚ ਉਸ ਦੀ ਮੌਤ ਹੋ ਗਈ ਅਤੇ ਵੰਸ਼ ਮਾਪਿਆਂ ਦਾ ਇਕਲੌਤਾ ਪੁੱਤ ਸੀ। ਦੱਸਿਆ ਗਿਆ ਹੈ ਵੰਸ਼ਦੀਪ ਕਾਰ ‘ਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਰਸਤੇ ‘ਚ ਸਾਹਮਣੇ ਆ ਰਹੀ ਕਾਰ ਨਾਲ ਟੱਕਰ ਹੋ ਗਈ, ਜਿਸ ‘ਚ ਵੰਸ਼ਦੀਪ ਦੀ ਮੌਤ ਹੋ ਗਈ। ਇਸ ਦੌਰਾਨ ਪੁੱਤ ਦੀ ਮੌਤ ਖ਼ਬਰ ਸੁਣ ਕੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਮਾਛੀਵਾੜੇ ‘ਚ ਸੋਗ ਦੀ ਲਹਿਰ ਦੌੜ ਰਹੀ ਹੈ।