#SPORTS

ਪੈਰਿਸ ’ਚ 33ਵੀਆਂ ਓਲੰਪਿਕ ਖੇਡਾਂ ਰੰਗਾਰੰਗ ਅੰਦਾਜ਼ ’ਚ ਸਮਾਪਤ

ਪੈਰਿਸ, 12 ਅਗਸਤ (ਪੰਜਾਬ ਮੇਲ)-  ਪੈਰਿਸ ’ਚ 33ਵੀਆਂ ਓਲੰਪਿਕ ਖੇਡਾਂ ਦੀ ਅੱਜ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ। ਇਸ ਦੌਰਾਨ ਪੈਰਿਸ ਨੇ ਓਲੰਪਿਕ ਦੀ ਬੈਟਨ ਲਾਸ ਏਂਜਲਸ (ਅਮਰੀਕਾ) ਨੂੰ ਸੌਂਪ ਦਿੱਤੀ ਜਿਥੇ 2028 ’ਚ ਅਗਲੀਆਂ ਓਲੰਪਿਕ ਖੇਡਾਂ ਹੋਣਗੀਆਂ। ਸਟੇਡ ਡੀ ਫਰਾਂਸ ਸਟੇਡੀਅਮ ’ਚ ਹੋਏ ਸਮਾਪਤੀ ਸਮਾਗਮ ਦੌਰਾਨ ਬਿਲੀ ਐਲਿਸ਼, ਸਨੂਪ ਡੌਗ ਅਤੇ ਰੈੱਡ ਹੌਟ ਚਿਲੀ ਪੈਪਰਜ਼ ਨੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਦਿੱਤੀਆਂ। ਸਟੇਡੀਅਮ ’ਚ ਮੌਜੂਦ 75 ਹਜ਼ਾਰ ਦਰਸ਼ਕਾਂ ਅੱਗੇ ਝੰਡਾਬਰਦਾਰ ਪੀਆਰ ਸ੍ਰੀਜੇਸ਼ ਅਤੇ ਮਨੂ ਭਾਕਰ ਦੀ ਅਗਵਾਈ ਹੇਠ ਭਾਰਤੀ ਦਲ ਪਹੁੰਚਿਆ ਤਾਂ ਦਰਸ਼ਕਾਂ ਨੇ ਉਨ੍ਹਾਂ ਦੀ ਹੌਸਲਾਅਫ਼ਜ਼ਾਈ ਕੀਤੀ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਹੋਰ ਹਸਤੀਆਂ ਹਾਜ਼ਰ ਸਨ। ਫਰਾਂਸ ਦਾ ਤੈਰਾਕ ਲਿਓਨ ਮਰਚੈਂਡ ਓਲੰਪਿਕ ਮਸ਼ਾਲ ਲੈ ਕੇ ਸਟੇਡੀਅਮ ’ਚ ਪਹੁੰਚਿਆ। ਅਮਰੀਕਾ ਅਤੇ ਚੀਨ ਨੇ ਸੋਨੇ ਦੇ 40-40 ਤਗ਼ਮੇ ਜਿੱਤੇ ਹਨ। ਭਾਰਤ ਨੇ ਚਾਂਦੀ ਦਾ ਇਕ ਅਤੇ ਕਾਂਸੇ ਦੇ 5 ਤਗ਼ਮੇ ਜਿੱਤੇ।