ਓਨਟਾਰੀਓ, 3 ਅਗਸਤ (ਪੰਜਾਬ ਮੇਲ)- ਓਨਟਾਰੀਓ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਫੈਡਰਲ ਹਲਕਾਬੰਦੀ ਮੁਤਾਬਕ ਨਹੀਂ ਹੋਣਗੀਆਂ ਅਤੇ 124 ਸੀਟਾਂ ‘ਤੇ ਹੀ ਮੁਕਾਬਲਾ ਹੋਵੇਗਾ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਓਨਟਾਰੀਓ ਇਸ ਵਾਰ ਰਵਾਇਤ ਤੋੜ ਰਿਹਾ ਹੈ ਅਤੇ ਫੈਡਰਲ ਸਰਕਾਰ ਦੀ ਨਵੀਂ ਹਲਕਾਬੰਦੀ ਮੁਤਾਬਕ ਵਧੀਆਂ ਹੋਈਆਂ ਸੀਟਾਂ ‘ਤੇ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ। ਡਗ ਫੋਰਡ ਦੇ ਇਸ ਐਲਾਨ ਦਾ ਸਿੱਧਾ ਮਤਲਬ ਇਹ ਵੀ ਨਿਕਲਦਾ ਹੈ ਕਿ ਟੋਰਾਂਟੋ ਸਿਟੀ ਕੌਂਸਲ ਦੀ ਹੱਦਬੰਦੀ ਨਵੇਂ ਸਿਰੇ ਤੋਂ ਨਹੀਂ ਘੜੀ ਜਾਵੇਗੀ ਅਤੇ ਸ਼ਹਿਰ ਵਿਚ 25 ਕੌਂਸਲਰ ਹੀ ਰਹਿਣਗੇ। 2026 ਦੀਆਂ ਮਿਊਂਸਪਲ ਚੋਣਾਂ ਦੌਰਾਨ 25 ਦੀ ਬਜਾਏ 24 ਕੌਂਸਲਰ ਰਹਿ ਜਾਣਗੇ। ਡਗ ਫੋਰਡ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਸਿਰਫ ਇਸ ਕਰਕੇ ਤਬਦੀਲੀ ਕਿਉਂ ਕੀਤੀ ਜਾਵੇ ਕਿ ਫੈਡਰਲ ਸਰਕਾਰ ਨਵੀਂ ਹਲਕਾਬੰਦੀ ਚਾਹੁੰਦੀ ਹੈ। ਲੇਕਰਿੱਜ ਹੈਲਥ ਔਸ਼ਵਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੇ ਕੀਤਾ, ਸਰਕਾਰਾਂ ਨੇ ਕੀਤਾ ਪਰ ਮੈਂ ਇਹ ਨਹੀਂ ਕਰਾਂਗਾ। ਬਿਹਤਰ ਇਹੀ ਹੋਵੇਗਾ ਕਿ ਘੱਟ ਤੋਂ ਘੱਟ ਸਿਆਸਤਦਾਨ ਹੋਣ। ਇਥੇ ਦੱਸਣਾ ਬਣਦਾ ਹੈ ਕਿ ਡਗ ਫ਼ੋਰਡ ਦੀ ਕੈਬਨਿਟ ਵਿਚ 36 ਮੰਤਰੀ ਹਨ ਅਤੇ ਓਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੰਤਰੀ ਮੰਡਲ ਬਣਾਉਣ ਵਾਲੇ ਪ੍ਰੀਮੀਅਰ ਘੱਟ ਤੋਂ ਘੱਟ ਸਿਆਸਤਦਾਨਾਂ ਦੀ ਗੱਲ ਕਰਦੇ ਸੁਣੇ ਗਏ।