#INDIA

ਹਾਈ ਕੋਰਟ ਵੱਲੋਂ ਕੇਜਰੀਵਾਲ ਨੂੰ ਜੇਲ੍ਹ ਵਿਚ ਹਰ ਹਫ਼ਤੇ ਵਕੀਲਾਂ ਨਾਲ ਦੋ ਵਾਧੂ ਮੀਟਿੰਗਾਂ ਦੀ ਮਨਜ਼ੂਰੀ

ਨਵੀਂ ਦਿੱਲੀ, 25 ਜੁਲਾਈ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰ ਹਫ਼ਤੇ ਆਪਣੇ ਵਕੀਲਾਂ ਨਾਲ ਦੋ ਵਾਧੂ ਵਰਚੁਅਲ ਮੀਟਿੰਗਾਂ ਕਰਨ ਦੀ ਇਜਾਜ਼ਤ ਦਿੱਤੀ ਹੈ। ਅਦਾਲਤ ਨੇ ਇਹ ਇਜਾਜ਼ਤ ਵਿਸ਼ੇਸ਼ ਹਾਲਾਤ ਨਾਲ ਨਜਿੱਠਣ ਲਈ ਦਿੱਤੀ ਹੈ। ਆਬਕਾਰੀ ਘੁਟਾਲੇ ਤਹਿਤ ਜੇਲ੍ਹ ਵਿਚ ਨਜ਼ਰਬੰਦ ਕੇਜਰੀਵਾਲ ਹੁਣ ਤੱਕ ਜੇਲ੍ਹ ਨਿਯਮਾਂ ਅਨੁਸਾਰ ਆਪਣੇ ਵਕੀਲਾਂ ਨਾਲ ਹਫ਼ਤੇ ਵਿਚ ਦੋ ਮੀਟਿੰਗਾਂ ਕਰ ਸਕਦੇ ਸਨ। ਇਸ ਸਬੰਧੀ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਅੱਜ ਹੁਕਮ ਸੁਣਾਉਂਦਿਆਂ ਕੇਜਰੀਵਾਲ ਨੂੰ ਰਾਹਤ ਦਿੱਤੀ। ‘ਆਪ’ ਆਗੂ ਦੇ ਵਕੀਲ ਨੇ ਕਿਹਾ ਸੀ ਕਿ ਕੇਜਰੀਵਾਲ ‘ਤੇ ਦੇਸ਼ ਭਰ ਵਿਚ ਲਗਪਗ 35 ਕੇਸ ਚੱਲ ਰਹੇ ਹਨ ਤੇ ਕੇਸਾਂ ਦੀ ਨਿਰਪੱਖ ਸੁਣਵਾਈ ਲਈ ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਆਪਣੇ ਵਕੀਲਾਂ ਨਾਲ ਦੋ ਵਾਧੂ ਮੀਟਿੰਗਾਂ ਕਰਨ ਦੀ ਲੋੜ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਤਿਹਾੜ ਜੇਲ੍ਹ ਅਧਿਕਾਰੀਆਂ ਦੇ ਵਕੀਲ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਜ਼ਿਕਰਯੋਗ ਹੈ ਕਿ ‘ਆਪ’ ਆਗੂ ਨੂੰ ਸੀ.ਬੀ.ਆਈ. ਨੇ 26 ਜੂਨ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ।