ਐਬਟਸਫੋਰਡ, 25 ਜੁਲਾਈ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹਾਈਵੇ 17 ‘ਤੇ ਵਾਪਰੇ ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਸੰਦੀਪ ਸਿੰਘ ਚੀਮਾ ਦੀ ਮੌਤ ਹੋ ਗਈ। ਉਹ 41 ਵਰ੍ਹਿਆਂ ਦਾ ਸੀ। ਮਿਲੀ ਖ਼ਬਰ ਅਨੁਸਾਰ ਹਾਈਵੇ 17 ‘ਤੇ 116 ਐਵੇਨਿਊ ਦੇ ਚੌਰਸਤੇ ‘ਤੇ ਹੋਈ 2 ਟਰੱਕਾਂ ਦੀ ਭਿਆਨਕ ਟੱਕਰ ਵਿਚ ਸੰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਹਾਦਸੇ ਕਾਰਨ ਹਾਈਵੇ ਨੂੰ 12 ਘੰਟੇ ਬੰਦ ਰੱਖਣਾ ਪਿਆ। ਸੰਦੀਪ ਸਿੰਘ ਚੀਮਾ ਬਹੁਤ ਮਿਹਨਤੀ ਤੇ ਹੋਣਹਾਰ ਨੌਜਵਾਨ ਸੀ। ਉਹ 12 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਆਇਆ ਸੀ। 2012 ‘ਚ ਉਸ ਦੇ ਪਿਤਾ ਦੀ ਇਕ ਕਾਰ ਹਾਦਸੇ ‘ਚ ਮੌਤ ਹੋ ਗਈ ਸੀ ਤੇ 2013 ‘ਚ ਮਾਤਾ ਸਦੀਵੀ ਵਿਛੋੜਾ ਦੇ ਗਏ। ਸੰਦੀਪ ਸਿੰਘ ਚੀਮਾ ਆਪਣੇ ਪਿੱਛੇ ਪਤਨੀ ਮਨਜੀਤ ਕੌਰ ਤੇ 2 ਧੀਆਂ 6 ਸਾਲਾ ਸਰਗੁਨ ਕੌਰ ਅਤੇ 2 ਸਾਲਾ ਦੀ ਮਾਸੂਮ ਮਿਹਰ ਕੌਰ ਛੱਡ ਗਿਆ ਹੈ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।