#INDIA

ਪੰਜਾਬ ਨਾਲ ਫਿਰ ਤੋਂ ਹੋਇਆ ਮਤਰੇਈ ਮਾਂ ਵਾਲਾ ਸਲੂਕ

-ਬਜਟ ਵਿਚ ਪੰਜਾਬ ਤੇ ਪੱਛਮੀ ਬੰਗਾਲ ਨੂੰ ਨਹੀਂ ਮਿਲੀ ਕੋਈ ਰਾਹਤ
ਨਵੀਂ ਦਿੱਲੀ, 24 ਜੁਲਾਈ (ਪੰਜਾਬ ਮੇਲ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ਦੇ ਰਲੇ-ਮਿਲੇ ਪ੍ਰਤੀਕਰਮ ਹੋਏ ਹਨ। ਕੇਂਦਰ ਸਰਕਾਰ ਵਿਚ ਭਾਈਵਾਲ ਆਂਧਰਾ ਪ੍ਰਦੇਸ਼ ਅਤੇ ਬਿਹਾਰ ਰਾਜਾਂ ਨੂੰ ਵੱਡੇ ਪੈਕੇਜ ਸਮੇਤ ਕਈ ਹੋਰ ਗੱਫੇ ਦੇਣ ਦਾ ਐਲਾਨ ਕੀਤਾ ਹੈ, ਜਦਕਿ ਪੰਜਾਬ ਅਤੇ ਪੱਛਮੀ ਬੰਗਾਲ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਜਿਸ ਨਾਲ ਇਨ੍ਹਾਂ ਦੋਹਾਂ ਰਾਜਾਂ ਦੇ ਲੋਕ ਸਭਾ ਮੈਂਬਰਾਂ ਨੇ ਵਿੱਤੀ ਪੈਕੇਜ ਨਾ ਦੇਣ ਖਿਲਾਫ ਸੰਸਦ ਮੈਂਬਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਬੀ.ਜੇ.ਪੀ. ਸਰਕਾਰ ਘੱਟ ਗਿਣਤੀ ਵਿਚ ਹੈ ਅਤੇ ਉਹ ਆਂਧਰਾ ਪ੍ਰਦੇਸ਼ ਦੇ ਚੰਦਰ ਬਾਬੂ ਨਾਇਡੂ ਅਤੇ ਬਿਹਾਰ ਦੇ ਨਿਤੀਸ਼ ਕੁਮਾਰ ਦੀ ਪਾਰਟੀਆਂ ਦੇ ਸਹਿਯੋਗ ਨਾਲ ਇਸ ਵਾਰ ਸਰਕਾਰ ਬਣਾਉਣ ਵਿਚ ਕਾਮਯਾਬ ਹੋਏ ਹਨ। ਪੰਜਾਬ ਅਤੇ ਬੰਗਾਲ ਤੋਂ ਬੀ.ਜੇ.ਪੀ. ਨੂੰ ਕੋਈ ਫਾਇਦਾ ਨਹੀਂ ਹੋਇਆ, ਜਿਸ ਕਰਕੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਨੇ ਇਨ੍ਹਾਂ ਪ੍ਰਾਂਤਾਂ ਨਾਲ ਕਿੜ ਕੱਢੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ, ਜੋ ਕਿ ਦਿਨੋਂ-ਦਿਨ ਵੱਧ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਇਸ ਸਮੇਂ ਕੋਈ ਵੀ ਪ੍ਰਗਤੀ ਦਾ ਕੰਮ ਨਹੀਂ ਹੋ ਰਿਹਾ।