#AMERICA

ਅਮਰੀਕੀ ਸੈਨੇਟ ਦੇ ਉਦਘਾਟਨ ਮੌਕੇ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ ਹਿੰਦੂ ਪ੍ਰਾਰਥਨਾ

ਵਾਸ਼ਿੰਗਟਨ ਡੀ.ਸੀ., 24 ਜੁਲਾਈ (ਪੰਜਾਬ ਮੇਲ)- ਅਗਾਮੀ 30 ਜੁਲਾਈ ਤੋਂ ਅਮਰੀਕੀ ਸੈਨੇਟ ਵਿਚ ਦੁਬਾਰਾ ਉਦਘਾਟਨੀ ਪ੍ਰਾਰਥਨਾ ਕਰਨ ਲਈ ਰੀਨੋ, ਨਵਾਡਾ ਵਿਚ ਰਹਿਣ ਵਾਲੇ ਰਾਜਨ ਜੈਦ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਰਾਜਨ ਜੈਦ ਯੂਨੀਵਰਸਿਟੀ ਆਫ ਹਿੰਦੂਇਜ਼ਮ ਦੇ ਪ੍ਰਧਾਨ ਹਨ ਅਤੇ ਉਹ ਹੁਣ ਤੱਕ ਅਮਰੀਕਾ ਦੇ 44 ਅਮਰੀਕਾ ਰਾਜਾਂ ਅਤੇ ਕੈਨੇਡਾ ਵਿਚ 310 ਵਾਰ ਵਿਧਾਨ ਸਭਾਵਾਂ ਹਿੰਦੂ ਸ਼ੁਰੂਆਤੀ ਪ੍ਰਾਰਥਨਾਵਾਂ ਪੜ੍ਹ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਸੈਂਬਲੀਆਂ, ਕਾਉਂਟੀ ਕਮਿਸ਼ਨ, ਸਿਟੀ ਕੌਂਸਲ ਸਮੇਤ ਹੋਰ ਵੀ ਬਹੁਤ ਸਾਰੀਆਂ ਅਮਰੀਕੀ ਸਭਾਵਾਂ ਵਿਚ ਹਿੰਦੂ ਪ੍ਰਾਰਥਨਾ ਕੀਤੀ ਹੈ।
ਜ਼ਿਕਰਯੋਗ ਹੈ ਕਿ 12 ਜੁਲਾਈ 2007 ਨੂੰ ਵਾਸ਼ਿੰਗਟਨ ਡੀ.ਸੀ. ਵਿਚ ਅਮਰੀਕੀ ਸੈਨੇਟ ਵਿਚ ਰਾਜਨ ਜੈਦ ਨੂੰ ਉਦਘਾਟਨੀ ਪ੍ਰਾਰਥਨਾ ਲਈ ਸੱਦਾ ਪੱਤਰ ਦਿੱਤਾ ਗਿਆ ਸੀ। ਪਰ ਉਸ ਸਮੇਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ, ਜਿਸ ਕਰਕੇ ਵਿਘਨ ਪਿਆ ਸੀ ਤੇ ਹੁਣ ਦੁਬਾਰਾ ਤੋਂ ਉਨ੍ਹਾਂ ਨੂੰ ਉਦਘਾਨੀ ਪ੍ਰਾਰਥਨਾ ਲਈ ਸੱਦਾ ਪੱਤਰ ਦਿੱਤਾ ਗਿਆ ਹੈ।
ਰਾਜਨ ਜੈਦ ਨੇ ਸੈਨੇਟ ਦੀ ਉਦਘਾਟਨੀ ਪ੍ਰਾਰਥਨਾ ‘ਓਮ’ ਨਾਲ ਸ਼ੁਰੂ ਕਰਨ ਅਤੇ ‘ਓਮ’ ਨਾਲ ਹੀ ਸਮਾਪਤ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਰਥਨਾ ਵਿਚ ਦੁਨੀਆਂ ਦੇ ਸਭ ਤੋਂ ਪੁਰਾਣੇ ਮੌਜੂਦਾ ਧਰਮ ਗ੍ਰੰਥ ਦੇ ਸ਼ਲੋਕ ਸ਼ਾਮਲ ਕੀਤੇ ਜਾਣਗੇ।
ਰਾਜਨ ਜੈਦ ਰਿਗਵੈਦ ਤੋਂ ਮੂਲ ਸੰਸਕ੍ਰਿਤ ਛੰਦਾਂ ਦੀ ਅੰਗਰੇਜ਼ੀ ਵਿਚ ਵਿਆਖਿਆ ਕਰਨਗੇ। ਉਹ ਰਵਾਇਤੀ ਭਗਵੇਂ ਰੰਗ ਦਾ ਕੁੜਤਾ-ਪਜਾਮਾ, ਇੱਕ ਰੁਦਰਾਕਸ਼ ਮਾਲਾ ਪਹਿਨਣਗੇ। ਰਾਜਨ ਜੈਦ ਨੂੰ ਵਿਸ਼ਵ ਅੰਤਰ-ਧਰਮ ਆਗੂ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।