ਫੀਨਿਕਸ ਹਾਕੀ ਕਲੱਬ ਨੇ ਚੁੰਮਿਆਂ ਕੈਨੇਡਾ ਕੱਪ, ਯੂਬਾ ਬ੍ਰਦਰਜ਼ ਦੂਜੇ ਅਤੇ ਵੈਸਟ
ਕੋਸਟ ਕਿੰਗਜ਼ ਤੀਜੇ ਸਥਾਨ ‘ਤੇ ਰਹੇ
ਸਰੀ, 23 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੋਸਾਇਟੀ ਵੱਲੋਂ
ਟਮੈਨਵਿਸ ਪਾਰਕ ਸਰੀ ਵਿਚ ਚਾਰ ਦਿਨਾਂ ਕੈਨੇਡਾ ਕੱਪ ਇੰਟਰਨੈਸ਼ਨਲ ਫੀਲਡ ਹਾਕੀ
ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਵਰਗਾਂ ਦੇ ਸ਼ਾਨਦਾਰ ਹਾਕੀ ਮੁਕਾਬਲਿਆਂ
ਨੂੰ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਮਾਣਿਆਂ। ਬੀਤੀ ਸ਼ਾਮ ਖੇਡੇ ਗਏ ਫਾਈਨਲ ਮੈਚ ਵਿਚ
ਫੀਨਿਕਸ ਹਾਕੀ ਕਲੱਬ ਦੀ ਟੀਮ ਨੇ ਯੂਬਾ ਬ੍ਰਦਰਜ ਦੀ ਟੀਮ ਨੂੰ 4-2 ਨਾਲ ਹਰਾ ਕੇ 2024
ਦਾ ਕੈਨੇਡਾ ਕੱਪ ਜਿੱਤਿਆ। ਫਾਈਨਲ ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ
ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਦੋਵੇਂ ਟੀਮਾਂ ਹਾਫ ਟਾਈਮ ਤੱਕ ਇਕ ਦੂਸਰੇ ਉਪਰ
ਤਾਬੜਤੋੜ ਹਮਲੇ ਕਰਦੀਆਂ ਰਹੀਆਂ। ਹਾਫ ਟਾਈਮ ਤੋਂ ਬਾਦ ਫੀਨਿਕਸ ਟੀਮ ਦੇ ਫਾਰਵਰਡ
ਖਿਡਾਰੀਆਂ ਨੇ ਜ਼ੋਰਦਾਰ ਹਮਲੇ ਕਰਦਿਆਂ 4-2 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਫਾਈਨਲ
ਮੈਚ ਦੌਰਾਨ ਹਾਕੀ ਪ੍ਰੇਮੀਆਂ ਤੇ ਦਰਸ਼ਕਾਂ ਦਾ ਭਾਰੀ ਇਕੱਠ ਜੁੜਿਆ ਜਿਹਨਾਂ ਨੇ
ਖਿਡਾਰੀਆਂ ਦੀ ਹਰ ਮੂਵ ਤੇ ਤਾੜੀਆਂ ਦੀ ਗੂੰਜ ਨਾਲ ਖਿਡਾਰੀਆਂ ਦਾ ਹੌਸਲਾ ਵਧਾਇਆ।
ਜੇਤੂ ਟੀਮਾਂ ਅਤੇ ਸਰਬੋਤਮ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਲਿਬਰਲ ਐਮ.ਪੀ. ਸੁਖ
ਧਾਲੀਵਾਲ, ਸਪਾਂਸਰਾਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਕੀਤੀ ਗਈ। ਜੇਤੂ ਹਾਕੀ
ਟੀਮਾਂ ਨੂੰ ਟਰਾਫੀਆਂ ਅਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਰਬੋਤਮ ਚੁਣੇ
ਗਏ ਖਿਡਾਰੀਆਂ ਨੂੰ ਵਿਸ਼ੇਸ਼ ਨਗਦ ਇਨਾਮ ਦਿੱਤੇ ਗਏ। ਟੂਰਨਾਮੈਂਟ ਵਿਚ ਜੇਤੂ ਰਹੀਆਂ
ਟੀਮਾਂ ਦਾ ਵੇਰਵਾ-
ਪੁਰਸ਼ ਪ੍ਰੀਮੀਅਰ ਡਿਵੀਜ਼ਨ:
ਪਹਿਲਾ ਸਥਾਨ – ਕੈਨੇਡਾ ਕੱਪ + 10,000 ਡਾਲਰ
ਫੀਨਿਕਸ ਫੀਲਡ ਹਾਕੀ ਕਲੱਬ (ਸੰਘੇੜਾ ਬ੍ਰਦਰਜ਼ ਅਪਨਾ ਗਰੁੱਪ ਦੁਆਰਾ ਸਪਾਂਸਰ ਕੀਤਾ ਗਿਆ
ਪਹਿਲਾ ਇਨਾਮ)
ਦੂਜਾ ਸਥਾਨ: ਟਰਾਫੀ ਅਤੇ 5,000 ਡਾਲਰ – ਯੂਬਾ ਬ੍ਰਦਰਜ਼
ਤੀਜਾ ਸਥਾਨ: ਟਰਾਫੀ + 2,500 ਡਾਲਰ – ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ
ਚੌਥਾ ਸਥਾਨ – ਤਸੱਵਰ ਇਲੈਵਨ ਹਾਕੀ ਕਲੱਬ
ਕੰਪੀਟੇਟਿਵ ਡਿਵੀਜ਼ਨ:
ਪਹਿਲਾ ਸਥਾਨ: ਟਰਾਫੀ + 3,000 ਡਾਲਰ – ਸੁਰਿੰਦਰ ਲਾਇਨਜ਼
ਦੂਜਾ ਸਥਾਨ, 1,500 ਡਾਲਰ – ਵੈਸਟ ਕੋਸਟ ਕਿੰਗਜ਼
ਅੰਡਰ 16 ਡਿਵੀਜ਼ਨ:
ਪਹਿਲਾ ਸਥਾਨ, ਟਰਾਫੀ + 1,500 ਡਾਲਰ – ਪੈਂਥਰ ਫੀਲਡ ਹਾਕੀ ਕਲੱਬ
ਦੂਜਾ ਸਥਾਨ, ਟਰਾਫੀ + 1,000 ਡਾਲਰ – ਯੂਨਾਈਟਡ ਕੈਲਗਰੀ
ਲੜਕੀਆਂ ਮੁਕਾਬਲੇ ਦੇ ਜੇਤੂ :
ਪਹਿਲਾ ਸਥਾਨ: ਟਰਾਫੀ + 5,000 – ਈਗਲ ਮੈਕਸੀਕੋ (ਸਪਾਂਸਰ ਜਗਤਾਰ ਧਾਲੀਵਾਲ ਦੁਆਰਾ
ਮਨਦੀਪ ਧਾਲੀਵਾਲ ਦੀ ਯਾਦ ਵਿੱਚ)
ਦੂਜਾ ਸਥਾਨ, ਟਰਾਫੀ + 2,000 ਡਾਲਰ – ਵੈਸਟ ਕੋਸਟ ਕਿੰਗਜ਼
ਸਰਬੋਤਮ ਖਿਡਾਰੀ:
ਬੈਸਟ ਫਾਰਵਰਡ/ਗੋਲ ਸਕੋਰਰ, 500 ਡਾਲਰ – ਜੇਰੋਇਨ ਹਰਟਜ਼ਬਰਗਰ (ਹਾਲੈਂਡ)
ਬੈਸਟ ਮਿਡਫੀਲਡਰ, 500 ਡਾਲਰ – ਕੋਸਿਨਸ ਟੈਂਗੁਏ (ਪੀ.ਐਚ.ਸੀ., ਬੈਲਜੀਅਮ)
ਬੈਸਟ ਡਿਫੈਂਡਰ, 500 ਡਾਲਰ – ਗੁਰਵਿੰਦਰ ਸਿੰਘ ਗੋਗੀ
ਬੈਸਟ ਗੋਲ ਕੀਪਰ, 500 ਡਾਲਰ – ਜੋਕਿਨ ਬਰਥੋਲਡ (ਅਰਜਨਟੀਨਾ)
ਮੋਸਟ ਵੈਲਿਊਏਬਲ ਪਲੇਅਰ (MVP), 1,000 ਡਾਲਰ – ਟਿਮ ਸਵੈਗਨ (ਨੀਦਰਲੈਂਡ)
ਸਰਬੋਤਮ ਖਿਡਾਰੀਆਂ ਨੂੰ ਨਕਦ ਇਨਾਮ ਲੱਕੀ ਜੌਹਲ ਅਤੇ ਲਵਲੀ ਜੌਹਲ ਆਈਡੀਲ ਸਾਈਨ ਅਤੇ
ਆਈਡੀਲ ਅੱਪਫਿਟਰ ਵੱਲੋਂ ਦਿੱਤੇ ਗਏ।
ਟੂਰਨਾਮੈਂਟ ਦੌਰਾਨ ਚਾਰ ਦਿਨ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਊਧਮ ਸਿੰਘ
ਹੁੰਦਲ ਨੇ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਵੱਲੋਂ ਟੂਰਨਾਮੈਂਟ ਦੀ ਸਫਲਤਾ
ਲਈ ਸਮੂਹ ਖਿਡਾਰੀਆਂ, ਸਪਾਂਸਰਾਂ, ਰੈਫਰੀਆਂ, ਵਲੰਟੀਅਰਾਂ ਅਤੇ ਦਰਸ਼ਕਾਂ ਦਾ ਧੰਨਵਾਦ
ਕੀਤਾ। ਟੂਰਨਾਮੈਂਟ ਦੌਰਾਨ ਇੰਡੀਆ ਤੋਂ ਕੌਮਾਂਤਰੀ ਕੋਚ ਭੁਪਿੰਦਰ ਸਿੰਘ ਨੇ ਵਿਸ਼ੇਸ਼
ਸੇਵਾਵਾਂ ਦਿੱਤੀਆਂ। ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ
ਸਰੀ-ਡੈਲਟਾ ਵੱਲੋਂ ਚਾਰੇ ਦਿਨ ਲੰਗਰਾਂ ਦੀ ਸੇਵਾ ਨਿਭਾਈ ਗਈ।