ਜੇ.ਡੀ. ਵੈਂਸ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਹੋਣਗੇ ਉਮੀਦਵਾਰ
ਮਿਲਵਾਕੀ, 17 ਜੁਲਾਈ (ਹੁਸਨ ਲੜੋਆ ਬੰਗਾ/ਰਾਜ ਗੋਗਨਾ/ਪੰਜਾਬ ਮੇਲ)- ਰਿਪਬਲੀਕਨ ਪਾਰਟੀ ਨੇ ਨਵੰਬਰ 2024 ਵਿਚ ਹੋ ਰਹੀਆਂ ਆਮ ਚੋਣਾਂ ਲਈ ਰਸਮੀ ਤੌਰ ‘ਤੇ ਆਪਣੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਮਿਲਵਾਕੀ (ਵਿਸਕਾਨਸਿਨ) ਵਿਚ ਹੋਈ ਰਾਸ਼ਟਰੀ ਕਨਵੈਨਸ਼ਨ ‘ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਨਾਮਜ਼ਦ ਕਰ ਦਿੱਤਾ ਗਿਆ ਹੈ। ਜਦਕਿ ਓਹਾਇਓ ਰਾਜ ਦੇ ਸੈਨੇਟਰ ਜੇ.ਡੀ. ਵੈਂਸ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ।
ਡੋਨਾਲਡ ਟਰੰਪ ਉਪਰ ਪੈਨਸਿਲਵੇਨੀਆ ਰਾਜ ਵਿਖੇ ਰੈਲੀ ਦੌਰਾਨ ਹੋਏ ਹਮਲੇ ਦੇ ਦੋ ਦਿਨਾਂ ਬਾਅਦ ਪਾਰਟੀ ਵੱਲੋਂ ਉਨ੍ਹਾਂ ਦੀ ਰਸਮੀ ਤੌਰ ‘ਤੇ ਉਮੀਦਵਾਰ ਵਜੋਂ ਚੋਣ ਕੀਤੀ ਗਈ ਹੈ।
ਇਸ ਕਾਨਫਰੰਸ ਦੌਰਾਨ ਜੇ.ਡੀ. ਵੈਂਸ ਦਾ ਨਾਂ ਉਪ ਰਾਸ਼ਟਰਪਤੀ ਵਜੋਂ ਨਾਮਜ਼ਦ ਕੀਤਾ ਗਿਆ। ਸਮੁੱਚੇ ਡੈਲੀਗੇਟਾਂ ਨੇ ਇਕਸੁਰ ਹੋ ਕੇ ਜੇ.ਡੀ. ਵੈਂਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਹਾਮੀ ਭਰ ਦਿੱਤੀ। ਜੇ.ਡੀ. ਵੈਂਸ ਓਹਾਇਓ ਤੋਂ 2022 ‘ਚ ਸੈਨੇਟਰ ਚੁਣਿਆ ਗਿਆ ਸੀ ਅਤੇ ਉਸ ਨੇ 3 ਜਨਵਰੀ 2023 ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ ਸੀ।
39 ਸਾਲਾ ਜੇ.ਡੀ. ਵੈਂਸ ਦੀ ਪਤਨੀ ਊਸ਼ਾ ਚਿਲੂਕੁਰੀ ਭਾਰਤ ਦੇ ਆਂਧਰਾ ਪ੍ਰਦੇਸ਼ ਪ੍ਰਾਂਤ ਨਾਲ ਸੰਬੰਧ ਰੱਖਦੀ ਹੈ, ਜਿਸ ਦੇ ਮਾਂ-ਬਾਪ ਲੰਮਾ ਸਮਾਂ ਪਹਿਲਾਂ ਅਮਰੀਕਾ ਆਏ ਸਨ। ਊਸ਼ਾ ਦਾ ਜਨਮ ਅਮਰੀਕਾ ਵਿਚ ਹੀ ਹੋਇਆ ਸੀ। ਉਸ ਨੇ ਯੂਨੀਵਰਸਿਟੀ ਵਿਚ ਅਮਰੀਕੀ ਇਤਿਹਾਸ ਪੜ੍ਹਾਇਆ ਹੈ। ਇਸ ਜੋੜੀ ਦਾ ਵਿਆਹ 2014 ‘ਚ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ ਅਤੇ ਇਨ੍ਹਾਂ ਦੇ ਤਿੰਨ ਬੱਚੇ ਹਨ। ਊਸ਼ਾ ਦਾ ਕਹਿਣਾ ਹੈ ਕਿ ਮੇਰਾ ਪਤੀ ਕਾਫੀ ਮਿਹਨਤੀ ਹੈ। ਊਸ਼ਾ ਰਾਜਨੀਤੀ ‘ਚ ਵੀ ਜੇ.ਡੀ. ਵੈਂਸ ਨਾਲ ਦੇਖੀ ਜਾਂਦੀ ਰਹੀ ਹੈ।