#PUNJAB

ਜਲੰਧਰ ਪੱਛਮੀ ਜ਼ਿਮਣੀ ਚੋਣ ਨਤੀਜਾ: ‘ਆਪ’ ਉਮੀਦਵਾਰ ਮਹਿੰਦਰ ਭਗਤ 37 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ

ਜਲੰਧਰ, 13 ਜੁਲਾਈ (ਪੰਜਾਬ ਮੇਲ)- ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਮੁੜ ਜਿੱਤ ਲਈ ਹੈ। ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਪਛਾੜਦਿਆਂ ਇਹ ਸੀਟ 37325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸੀਟ ਨੂੰ ਆਪਣੇ ਵਕਾਰ ਦਾ ਸਵਾਲ ਬਣਾਇਆ ਹੋਇਆ ਸੀ।

ਆਪ ਦੇ ਉਮੀਦਵਾਰ ਮਹਿੰਦਰ ਭਗਤ ਨੂੰ 55246 ਵੋਟਾਂ ਪਈਆਂ, ਜਦ ਕਿ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 16757, ਅਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 17957 ਵੋਟਾਂ ਪਈਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੂੰ 1242 ਵੋਟਾਂ ਹੀ ਪਈਆਂ ਹਨ ਅਤੇ ਬਸਪਾ ਦਾ ਉਮੀਦਵਾਰ ਤਾਂ 734 ਵੋਟਾਂ ਨਾਲ ਚਾਰ ਹਿੰਦਸਿਆ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ।