ਨੋਇਡਾ, 7 ਜੁਲਾਈ (ਪੰਜਾਬ ਮੇਲ)- ਹਾਥਰਸ ਘਟਨਾ ਜਿਸ ਵਿੱਚ 121 ਵਿਅਕਤੀਆਂ ਦੀ ਮੌਤ ਹੋਈ ਸੀ, ਦੇ ਮੁੱਖ ਮੁਲਜ਼ਮ ਦੇਵਪ੍ਰਕਾਸ਼ ਮਧੂਕਰ ਨੂੰ ਹਾਥਰਸ ਪੁਲੀਸ ਦੀ ਵਿਸ਼ੇਸ਼ ਟੀਮ ਵੱਲੋਂ ਦਿੱਲੀ ਦੇ ਨਜਫਗੜ੍ਹ ਇਲਾਕੇ ਤੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਅੱਜ ਮੈਜਿਸਟਰੇਟ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਕੁਝ ਸਿਆਸੀ ਪਾਰਟੀਆਂ ਨੇ ਮਧੂਕਰ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਆਪੂੰ ਬਣੇ ਧਰਮ ਗੁਰੂ ਦੇ ਪ੍ਰੋਗਰਾਮ ਨੂੰ ਇੱਕ ਸਿਆਸੀ ਪਾਰਟੀ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ।
ਪੁਲੀਸ ਅਨੁਸਾਰ ਹਾਥਰਸ ’ਚ ਮਚੀ ਭਗਦੜ ਦੇ ਸਬੰਧ ਵਿੱਚ ਦੋ ਹੋਰ ਮਸ਼ਕੂਕ ਰਾਮ ਪ੍ਰਕਾਸ਼ ਸ਼ਾਕਿਆ (61) ਤੇ ਸੰਜੂ ਯਾਦਵ (33) ਨੂੰ ਹਿਰਾਸਤ ’ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਅਦਾਲਤ ਨੇ ਸੰਜੂ ਯਾਦਵ ਨੂੰ ਵੀ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ ਜਦਕਿ ਸ਼ਾਕਿਆ ਨੂੰ 7 ਜੁਲਾਈ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਹਾਥਰਸ ਦੇ ਐੱਸਪੀ ਨਿਪੁਨ ਅਗਰਵਾਲ ਨੇ ਦੱਸਿਆ ਕਿ ਮਧੂਕਰ ਨੂੰ ਲੰਘੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨਾਲ ਪਿੱਛੇ ਜਿਹੇ ਕੁਝ ਸਿਆਸੀ ਪਾਰਟੀਆਂ ਨੇ ਵੀ ਸੰਪਰਕ ਕੀਤਾ ਸੀ। ਅਗਰਵਾਲ ਨੇ ਕਿਹਾ ਕਿ ਮਧੂਕਰ ਆਪੂੰ ਬਣੇ ਧਰਮ ਗੁਰੂ ਸੂਰਜਪਾਲ ਉਰਫ਼ ਨਾਰਾਇਣ ਸਕਾਰ ਹਰੀ ਉਰਫ਼ ਭੋਲੇ ਬਾਬਾ ਦੇ ਸਮਾਗਮਾਂ ਲਈ ਫੰਡ ਜੁਟਾਉਣ ਦਾ ਕੰਮ ਕਰਦਾ ਸੀ ਅਤੇ ਚੰਦਾ ਇਕੱਠਾ ਕਰਦਾ ਸੀ। ਅਗਰਵਾਲ ਨੇ ਕਿਹਾ, ‘ਉਸ ਦੇ ਵਿੱਤੀ ਲੈਣ-ਦੇਣ ਅਤੇ ਫੋਨ ਕਾਲਾਂ ਦੇ ਵੇਰਵਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।’ ਅੱਜ ਬਾਅਦ ਦੁਪਹਿਰ 2.15 ਵਜੇ ਮਧੂਕਰ ਨੂੰ ਪੁਲੀਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੈਡੀਕਲ ਜਾਂਚ ਲਈ ਹਾਥਰਸ ਦੇ ਬਾਗਲਾ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਮਧੂਕਰ ਉਸ ਸਤਿਸੰਗ ਦਾ ਮੁੱਖ ਸੇਵਾਦਾਰ ਸੀ ਜਿੱਥੇ ਭਗਦੜ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦੇ ਸਬੰਧ ਵਿੱਚ ਹਾਥਰਸ ਥਾਣੇ ’ਚ ਦਰਜ ਐੱਫਆਈਆਰ ਵਿੱਚ ਉਹ ਇੱਕੋ-ਇੱਕ ਮੁਲਜ਼ਮ ਹੈ। ਉਨ੍ਹਾਂ ਕਿਹਾ, ‘ਫੰਡ ਇਕੱਠੇ ਕਰਨ ਦੇ ਸਬੰਧ ਵਿੱਚ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਅਜਿਹੇ ਪ੍ਰੋਗਰਾਮਾਂ ਤੇ ਹੋਰ ਸਰੋਤਾਂ ਨੂੰ ਕਿਸੇ ਸਿਆਸੀ ਪਾਰਟੀ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ? ਹੁਣ ਤੱਕ ਦੀ ਜਾਂਚ ’ਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਈ ਸਿਆਸੀ ਪਾਰਟੀ ਆਪਣੇ ਸਿਆਸੀ ਜਾਂ ਨਿੱਜੀ ਹਿੱਤਾਂ ਲਈ ਇਨ੍ਹਾਂ ਨਾਲ ਜੁੜੀ ਹੋਈ ਹੈ।’ ਦੂਜੇ ਪਾਸੇ ਲੰਘੀ ਰਾਤ ਮਧੂਕਰ ਦੇ ਵਕੀਲ ਏਪੀ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਦਿੱਲੀ ’ਚ ਪੁਲੀਸ ਕੋਲ ਆਤਮ ਸਮਰਪਣ ਕੀਤਾ ਹੈ, ਜਿੱਥੇ ਉਹ ਇਲਾਜ ਲਈ ਆਇਆ ਸੀ। ਉਸ ਨੇ ਕਿਹਾ, ‘ਹਾਥਰਸ ਮਾਮਲੇ ’ਚ ਦਰਜ ਐੱਫਆਈਆਰ ’ਚ ਮੁੱਖ ਮੁਲਜ਼ਮ ਦੱਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਨੇ ਅੱਜ ਆਤਮ ਸਮਰਪਣ ਕਰ ਦਿੱਤਾ ਹੈ। ਉਸ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਸੀ। ਇਸ ਲਈ ਪੁਲੀਸ, ਐੱਸਆਈਟੀ ਤੇ ਐੱਸਟੀਐੱਫ ਨੂੰ ਦਿੱਲੀ ਸੱਦਿਆ ਗਿਆ।’ ਵਕੀਲ ਨੇ ਕਿਹਾ ਕਿ ਉਹ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਹੈ।