ਧਰਮਸ਼ਾਲਾ ਵਿਚ ਮੀਂਹ ਦੇ ਰਿਕਾਰਡ ਟੁੱਟੇ
ਸ਼ਿਮਲਾ, 6 ਜੁਲਾਈ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੀਆਂ ਜ਼ਿਆਦਾਤਰ ਥਾਵਾਂ ‘ਤੇ ਅੱਜ ਭਰਵਾਂ ਮੀਂਹ ਪਿਆ ਹੈ। ਧਰਮਸ਼ਾਲਾ ਅਤੇ ਪਾਲਮਪੁਰ ਵਿਚ ਭਾਰੀ ਮੀਂਹ ਪਿਆ, ਜਿੱਥੇ ਮੀਂਹ 200 ਮਿਲੀਮੀਟਰ ਤੋਂ ਵੱਧ ਪਿਆ। ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਭਾਰੀ ਮੀਂਹ ਕਾਰਨ 150 ਸੜਕਾਂ ਦਾ ਸੰਪਰਕ ਹੋਰਾਂ ਨਾਲ ਟੁੱਟ ਗਿਆ ਹੈ, ਜਿਨ੍ਹਾਂ ਵਿਚ ਮੰਡੀ ਵਿਚ 111, ਸਿਰਮੌਰ ਵਿਚ 13, ਸ਼ਿਮਲਾ ਵਿਚ ਨੌਂ, ਚੰਬਾ ਅਤੇ ਕੁੱਲੂ ਵਿਚ ਅੱਠ-ਅੱਠ ਅਤੇ ਕਾਂਗੜਾ ਜ਼ਿਲ੍ਹੇ ਵਿਚ ਇੱਕ-ਇੱਕ ਸੜਕ ਭਾਰੀ ਮੀਂਹ ਕਾਰਨ ਆਵਾਜਾਈ ਲਈ ਬੰਦ ਹੈ। ਮੀਂਹ ਕਾਰਨ 55 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ।
ਧਰਮਸ਼ਾਲਾ ‘ਚ ਸਭ ਤੋਂ ਵੱਧ 214.6 ਮਿਲੀਮੀਟਰ, ਪਾਲਮਪੁਰ ਵਿਚ 212.4 ਮਿਲੀਮੀਟਰ, ਜੋਗਿੰਦਰਨਗਰ ਵਿੱਚ 169 ਮਿਲੀਮੀਟਰ, ਕਾਂਗੜਾ ਸ਼ਹਿਰ ਵਿਚ 157.6 ਮਿਲੀਮੀਟਰ, ਬੈਜਨਾਥ ਵਿਚ 142 ਮਿਲੀਮੀਟਰ, ਜੋਤ 95.2 ਮਿਲੀਮੀਟਰ, ਨਗਰੋਟਾ ਵਿਚ 90.2 ਮਿ.ਮੀ., ਨਾਦੌਨ 63 ਮਿਲੀਮੀਟਰ ਮੀਂਹ ਪਿਆ। ਸ਼ਿਮਲਾ ਮੌਸਮ ਵਿਭਾਗ ਨੇ 12 ਜੁਲਾਈ ਤੱਕ ਵੱਖ-ਵੱਖ ਥਾਵਾਂ ‘ਤੇ ਗਰਜ ਨਾਲ ਬਿਜਲੀ ਚਮਕਣ ਦੀ ਚਿਤਾਵਨੀ ਜਾਰੀ ਕਰਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ।