#PUNJAB

ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿਚ ਗਾਣਿਆਂ ‘ਤੇ ਲੱਗੇਗੀ ਲਗਾਮ

ਪਟਿਆਲਾ, 4 ਜੁਲਾਈ (ਪੰਜਾਬ ਮੇਲ)- ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿਚ ਚੱਲਦੇ ਡੈੱਕਾਂ ‘ਤੇ ਲਗਾਮ ਲਗਾਉਣ ਲਈ ਅਧਿਕਾਰੀਆਂ ਨੇ ਤਿਆਰੀ ਕਰ ਲਈ ਹੈ। ਮੰਗਲਵਾਰ ਇਥੇ ਪੀ.ਆਰ.ਟੀ.ਸੀ. ਦੇ ਜੀ.ਐੱਮ. ਮਨਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਬਹੁਤ ਸਾਰੀਆਂ ਬੱਸਾਂ ਵਿਚ ਮਿਊਜ਼ਿਕ ਪਲੇਅਰ ਜਾਂ ਡੈੱਕ ਚੱਲਦੇ ਹਨ, ਜਿਸ ਨਾਲ ਨਾ ਸਿਰਫ ਸਵਾਰੀਆਂ ਪ੍ਰੇਸ਼ਾਨ ਹੁੰਦੀਆਂ ਹਨ, ਸਗੋਂ ਡਰਾਈਵਰ ਦੀ ਮਾਨਸਿਕਤਾ ਵੀ ਖਿੰਡ ਜਾਂਦੀ ਹੈ, ਜਿਸ ਨਾਲ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ‘ਚ ਇਸ ਮਾਮਲੇ ਨੂੰ ਲੈ ਕੇ ਮੁਹਿੰਮ ਛੇੜੀ ਜਾਵੇਗੀ ਤੇ ਅਜਿਹੀਆਂ ਬੱਸਾਂ ‘ਚੋਂ ਮਿਊਜ਼ਿਕ ਪਲੇਅਰ ਜਾਂ ਡੈੱਕ ਉਤਰਵਾਏ ਜਾਣਗੇ। ਉਨ੍ਹਾਂ ਮੰਨਿਆ ਕਿ ਇਹ ਮਿਊਜ਼ਿਕ ਪਲੇਅਰ ਜਾਂ ਡੈੱਕ ਲਗਾਉਣ ਦੀ ਕੋਈ ਆਗਿਆ ਨਹੀਂ ਹੈ ਪਰ ਕੁਝ ਡਰਾਈਵਰਾਂ ਵੱਲੋਂ ਇਹ ਆਪਣੇ ਤੌਰ ‘ਤੇ ਲਗਾਏ ਜਾਂਦੇ ਹਨ। ਜਦੋਂ ਉਨ੍ਹਾਂ ਨੂੰ ਅਜਿਹੀਆਂ ਬੱਸਾਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਧਿਆਨ ‘ਚ ਹੁਣ ਆਈ ਹੈ, ਇਸ ਲਈ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ।