ਇਲੀਨੌਇਸ (ਅਮਰੀਕਾ), 1 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਅਰਕਨਸਾਸ ਅਤੇ ਇਲੀਨੌਇਸ ਵਿੱਚ ਤੂਫਾਨ ਨਾਲ ਹੋਈ ਤਬਾਹੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਇਸ ਤੂਫਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਾਉਣ, ਵਾਹਨਾਂ ਦੇ ਪਲਟਣ ਅਤੇ ਦਰੱਖਤ ਡਿੱਗਣ ਦੀਆਂ ਖਬਰਾਂ ਹਨ। ਲਿਟਲ ਰੌਕ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 24 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਤੂਫਾਨ ਨੇ ਵੇਨ, ਅਰਕਨਸਾਸ ਵਿੱਚ ਵੀ ਕਾਫੀ ਤਬਾਹੀ ਮਚਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੇਨ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਘਰ ਢਹਿ ਗਏ ਅਤੇ ਲੋਕ ਮਲਬੇ ਹੇਠਾਂ ਦੱਬ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੇਲਵਿਡੇਰੇ, ਇਲੀਨੌਇਸ ਵਿੱਚ ਸ਼ੁੱਕਰਵਾਰ ਰਾਤ ਨੂੰ ਤੂਫਾਨ ਦੌਰਾਨ ਇੱਕ ਥੀਏਟਰ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 28 ਜ਼ਖਮੀ ਹੋ ਗਏ। ਦੇਸ਼ ਦੇ ਦੱਖਣ ਅਤੇ ਮੱਧ-ਪੱਛਮ ਵਿੱਚ ਤੂਫ਼ਾਨ ਕਾਰਨ ਆਇਓਵਾ ਵਿੱਚ ਤੂਫ਼ਾਨ ਆਉਣ ਦੀ ਰਿਪੋਰਟ ਹੈ। ਜਦਕਿ ਇਲੀਨੋਇਸ ਵਿੱਚ ਗੜੇ ਪਏ ਅਤੇ ਓਕਲੇਹੋਮਾ ਵਿੱਚ ਘਾਹ ਨੂੰ ਲੱਗੀ ਅੱਗ ਤੇਜ਼ ਹੋ ਗਈ। ਇਸੇ ਦੌਰਾਨ ਅਮਰੀਕੀ ਕੌਮੀ ਮੌਸਮ ਸੇਵਾ ਨੇ ਅਰਕਨਸਾਸ ਦੀ ਰਾਜਧਾਨੀ ਲਿਟਿਲ ਰੌਕ ਅਤੇ ਆਸ ਪਾਸ ਦੇ ਖੇਤਰਾਂ ਲਈ ਤੂਫਾਨ ਦੀ ਐਮਰਜੈਂਸੀ ਐਲਾਨੀ ਅਤੇ ਚਿਤਾਵਨੀ ਦਿੱਤੀ ਕਿ ‘ਵਿਨਾਸ਼ਕਾਰੀ ਤੂਫਾਨ’ ਕਾਰਨ ਲਗਪਗ 350,000 ਤੱਕ ਲੋਕਾਂ ਨੂੰ ਖਤਰਾ ਹੈ। ਤੂਫ਼ਾਨ ਕਾਰਨ ਬਿਜਲੀ ਤੇ ਹੋਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।