ਜਲੰਧਰ, 22 ਜੂਨ (ਪੰਜਾਬ ਮੇਲ)- ਭਾਰਤ ਚੋਣ ਕਮਿਸ਼ਨ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਨਿਯੁਕਤ ਖਰਚਾ ਨਿਗਰਾਨ ਮੀਨੂੰ ਸੁਸੇਨ ਅਬਰਾਹਮ ਆਈ.ਆਰ.ਐੱਸ. ਵੱਲੋਂ ਅੱਜ ਇਨਫੋਰਸਮੈਂਟ ਏਜੰਸੀਆਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਖਰਚੇ ਦੇ ਨੋਡਲ ਅਫ਼ਸਰ ਅਮਰਜੀਤ ਸਿੰਘ ਬੈਂਸ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੇਜਰ ਡਾ.ਅਮਿਤ ਮਹਾਜਨ ਵੀ ਮੌਜੂਦ ਸਨ।
ਉਨ੍ਹਾਂ ਸਮੂਹ ਨੋਡਲ ਅਫ਼ਸਰਾਂ ਨੂੰ ਚੋਣ ਦੌਰਾਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਸਰਗਰਮੀਆਂ ’ਤੇ ਸਖ਼ਤ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਇਨ੍ਹਾਂ ’ਤੇ ਹੋਣ ਵਾਲੇ ਖਰਚ ਨੂੰ ਸਬੰਧਤ ਉਮੀਦਵਾਰ/ਸਿਆਸੀ ਪਾਰਟੀ ਦੇ ਚੋਣ ਖਰਚ ਵਿੱਚ ਜੋਡ਼ਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਉਪ ਚੋਣ ਲਈ ਉਮੀਦਵਾਰ 40 ਲੱਖ ਰੁਪਏ ਤੱਕ ਖ਼ਰਚ ਕਰ ਸਕਦੇ ਹਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਲਗਨ ਤੇ ਨਿਰਪੱਖਤਾ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਚੋਣ ਖਰਚੇ ’ਤੇ ਪ੍ਰਭਾਵੀ ਨਿਗਰਾਨੀ ਯਕੀਨੀ ਬਣਾਈ ਜਾ ਸਕੇ।
ਖਰਚਾ ਨਿਗਰਾਨ ਨੇ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾਡ਼੍ਹਨ ਵਿੱਚ ਨਿਗਰਾਨ ਟੀਮਾਂ ਦੀ ਭੂਮਿਕਾ ਨੂੰ ਬੇਹੱਦ ਅਹਿਮ ਕਰਾਰ ਦਿੰਦਿਆਂ ਨਿਗਰਾਨ ਟੀਮਾਂ ਦੀ ਸਿਖ਼ਲਾਈ ਅਤੇ ਕੰਮਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਚਿਤ ਦਿਸ਼ਾ-ਨਿਰਦੇਸ਼ ਦਿੱਤੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖਰਚਾ ਨਿਗਰਾਨ ਸੈੱਲ, ਮੀਡੀਆ ਸਰਟੀਫਿਕੇਸ਼ਨ ਤੇ ਨਿਰਗਾਨ ਸੈੱਲ, ਐਫਐਸਟੀ, ਵੀਐਸਟੀ, ਐਸਐਸਟੀ, ਵੀਡੀਓ ਵਿਊਇੰਗ ਟੀਮਾਂ, ਲੇਖਾ ਟੀਮਾਂ ਅਤੇ ਸਹਾਇਕ ਖਰਚਾ ਨਿਗਰਾਨ ਤਾਇਨਾਤ ਕੀਤੇ ਗਏ ਹਨ ਤਾਂ ਜੋ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚੇ ’ਤੇ ਨਜ਼ਰ ਰੱਖੀ ਜਾ ਸਕੇ।