#PUNJAB

ਜਲੰਧਰ ਪੱਛਮੀ ਜ਼ਿਮਨੀ ਚੋਣ: 1,72,020 ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਚੰਡੀਗੜ੍ਹ/ਜਲੰਧਰ, 22 ਜੂਨ (ਪੰਜਾਬ ਮੇਲ)- ਜਲੰਧਰ ਵੈਸਟ ਹਲਕੇ ਦੀ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ 1,72,020 ਵੋਟਰ 23 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣ ਕਮਿਸ਼ਨ ਅਨੁਸਾਰ ਇਨ੍ਹਾਂ ‘ਚੋਂ 89,685 ਮਰਦ ਅਤੇ 82,327 ਮਹਿਲਾ ਵੋਟਰ ਹਨ। ਇਸ ਦੇ ਨਾਲ ਹੀ 18-19 ਉਮਰ ਦੇ ਨੌਜਵਾਨ ਵੋਟਰਾਂ ਦੀ ਗਿਣਤੀ 5005 ਹੈ। ਇਨ੍ਹਾਂ ‘ਚੋਂ 2723 ਲੜਕੇ ਅਤੇ 2282 ਲੜਕੀਆਂ ਵੋਟਰ ਹਨ, ਜਦਕਿ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਦੀ ਗਿਣਤੀ 746 ਹੈ। ਇਨ੍ਹਾਂ ‘ਚੋਂ 364 ਮਰਦ ਅਤੇ 382 ਮਹਿਲਾ ਵੋਟਰ ਹਨ।
ਪੰਜਾਬ ਚੋਣ ਕਮਿਸ਼ਨ ਅਨੁਸਾਰ 181 ਪੋਲਿੰਗ ਸਟੇਸ਼ਨਾਂ ‘ਚ ਵੋਟਾਂ ਪੈਣਗੀਆਂ। ਇਨ੍ਹਾਂ ‘ਚੋਂ 105 ਸਰਕਾਰੀ ਅਤੇ 76 ਗ਼ੈਰ-ਸਰਕਾਰੀ ਇਮਾਰਤਾਂ ‘ਚ ਹਨ। ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਸੁਰਿੰਦਰ ਕੌਰ, ਭਾਜਪਾ ਵੱਲੋਂ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਵੱਲੋਂ ਮੋਹਿੰਦਰ ਭਗਤ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਤੇ ਬਸਪਾ ਵੱਲੋਂ ਬਿੰਦਰ ਲਾਖਾ ਉਮੀਦਵਾਰ ਹਨ। ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਹਨ। ਇਹ ਸੀਟ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਸੀ, ਜੋ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਨਾਮਜ਼ਦਗੀਆਂ ਦੀ ਪੜਤਾਲ 24 ਜੂਨ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਾਰੀਖ਼ 26 ਜੂਨ ਹੈ। ਵੋਟਾਂ 10 ਜੁਲਾਈ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ। ਵੋਟ ਪਾਉਣ ਦਾ ਸਮਾਂ ਸਵੇਰ 7 ਤੋਂ ਸ਼ਾਮ 6 ਵਜੇ ਤੱਕ ਹੋਵੇਗਾ।