ਰੋਮ, 15 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਜਾਪਾਨ ਦਰਮਿਆਨ ਮਜ਼ਬੂਤ ਸਬੰਧ ਸ਼ਾਂਤੀਪੂਰਨ, ਸੁਰੱਖਿਅਤ ਅਤੇ ਖੁਸ਼ਹਾਲ ਇੰਡੋ-ਪੈਸੀਫਿਕ ਖੇਤਰ ਲਈ ਮਹੱਤਵਪੂਰਨ ਹਨ। ਮੋਦੀ ਅਤੇ ਕਿਸ਼ੀਦਾ ਨੇ ਵੱਖ-ਵੱਖ ਖੇਤਰਾਂ ਵਿਚ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵੀ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨਾਂ ਜੀ-7 ਸਿਖਰ ਸੰਮੇਲਨ ਦੇ ਦੂਜੇ ਦਿਨ ‘ਆਊਟਰੀਚ ਸੈਸ਼ਨ’ ਨੂੰ ਸੰਬੋਧਨ ਕਰਨ ਲਈ ਦੱਖਣੀ ਇਟਲੀ ਦੇ ਅਪੁਲੀਆ ਦੇ ਇੱਕ ਦਿਨ ਦੇ ਦੌਰੇ ‘ਤੇ ਸਨ। ਉਨ੍ਹਾਂ ਨੇ ‘ਆਰਟੀਫੀਸ਼ੀਅਲ ਇੰਟੈਲੀਜੈਂਸ, ਐਨਰਜੀ, ਅਫਰੀਕਾ ਅਤੇ ਮੈਡੀਟੇਰੀਅਨ’ ‘ਤੇ ਆਪਣੇ ਸੰਬੋਧਨ ਤੋਂ ਬਾਅਦ ਕਿਸ਼ਿਦਾ ਨਾਲ ਮੁਲਾਕਾਤ ਕੀਤੀ।
ਕਿਸ਼ਿਦਾ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਕਿਹਾ, ”ਸ਼ਾਂਤੀ, ਸੁਰੱਖਿਅਤ ਅਤੇ ਖੁਸ਼ਹਾਲ ਇੰਡੋ-ਪੈਸੀਫਿਕ ਲਈ ਭਾਰਤ ਅਤੇ ਜਾਪਾਨ ਦੇ ਮਜ਼ਬੂਤ ਰਿਸ਼ਤੇ ਮਹੱਤਵਪੂਰਨ ਹਨ।” ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਖੇਤਰ ਵਿਚ ਚੀਨ ਦੇ ਹਮਲਾਵਰ ਵਿਵਹਾਰ ਅਤੇ ਆਪਣਾ ਦਬਾਅ ਵਧਾਉਣ ਦੇ ਯਤਨਾਂ ਵਿਚਕਾਰ ਆਇਆ ਹੈ। ਉਨ੍ਹਾਂ ਕਿਹਾ, ”ਸਾਡੇ ਦੇਸ਼ ਰੱਖਿਆ, ਤਕਨਾਲੋਜੀ, ਸੈਮੀਕੰਡਕਟਰ, ਸਵੱਛ ਊਰਜਾ ਅਤੇ ਡਿਜੀਟਲ ਤਕਨਾਲੋਜੀ ਦੇ ਖੇਤਰਾਂ ਵਿਚ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਅਸੀਂ ਬੁਨਿਆਦੀ ਢਾਂਚੇ ਅਤੇ ਸੱਭਿਆਚਾਰਕ ਸਬੰਧਾਂ ‘ਚ ਵੀ ਰਿਸ਼ਤਿਆਂ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ।”
ਵਿਦੇਸ਼ ਮੰਤਰਾਲੇ ਨੇ ਦੋਹਾਂ ਨੇਤਾਵਾਂ ਵਿਚਾਲੇ ਗੱਲਬਾਤ ਦੇ ਸਬੰਧ ‘ਚ ਜਾਰੀ ਬਿਆਨ ‘ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸ਼ਿਦਾ ਨੂੰ ਮੁੜ ਚੁਣੇ ਜਾਣ ‘ਤੇ ਵਧਾਈ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿਚ ਵੀ ਦੁਵੱਲੇ ਸਬੰਧ ਮਹੱਤਵਪੂਰਨ ਰਹਿਣਗੇ। ਦੋਹਾਂ ਨੇਤਾਵਾਂ ਨੇ ਕਿਹਾ ਕਿ ਉਹ ਅਗਲੇ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ‘ਤੇ ਚਰਚਾ ਜਾਰੀ ਰੱਖਣਗੇ।