#AMERICA

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਨਾ ਕਰਨ ਦਾ ਮਾਮਲਾ ਅਮਰੀਕੀ ਰਾਜਸੀ ਗਲਿਆਰਾ ‘ਚ ਗੂੰਜਿਆ

ਅੰਮ੍ਰਿਤਸਰ, 12 ਜੂਨ (ਕੁਲਜੀਤ ਸਿੰਘ/ਪੰਜਾਬ ਮੇਲ)- ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਹੁਣ ਮਾਮਲਾ ਤੂਲ ਫੜਨ ਲੱਗਾ ਹੈ। ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਰਿਹਾਅ ਨਾ ਕਰਨ ਦਾ ਮਾਮਲਾ ਅਮਰੀਕਾ ਦੇ ਰਾਜਸੀ ਗਲਿਆਰਿਆਂ ‘ਚ ਵੀ ਗੂੰਜ ਰਿਹਾ ਹੈ। ਇਸ ਸਬੰਧ ਵਿਚ, ਉਪ ਰਾਸ਼ਟਰਪਤੀ ਕੈਮਿਲਾ ਹੈਰਿਸ ਦੀ ਚੀਫ਼ ਆਫ਼ ਸਟਾਫ਼ ਸ਼ੀਲਾ ਨਿੱਕਸ ਨੇ ਜਸਪ੍ਰੀਤ ਸਿੰਘ ਨੂੰ ਲਿਖਤੀ ਰੂਪ ‘ਚ ਜਵਾਬ ਦਿੱਤਾ ਹੈ, ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਏਸ਼ੀਆ-ਪ੍ਰਸ਼ਾਂਤ ਮਾਮਲੇ ਅਤੇ ਹਥਿਆਰ ਕੰਟਰੋਲ ਲਈ ਵਿਸ਼ੇਸ਼ ਸਲਾਹਕਾਰ ਸ਼੍ਰੀ ਸਿਧਾਰਥ ਅਈਅਰ ਵੱਲੋਂ ਉਪ ਰਾਸ਼ਟਰਪਤੀ ਨਾਲ ਮੀਟਿੰਗ ਵਿਚ ਸ਼ਾਮਲ ਹੋਣ ਲਈ ਜਸਪ੍ਰੀਤ ਸਿੰਘ ਨੂੰ ਇੱਕ ਸੱਦਾ ਪ੍ਰਾਪਤ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਜਸਪ੍ਰੀਤ ਸਿੰਘ ਨਿਊਜਰਸੀ ‘ਚ ਜਿਨ੍ਹਾਂ ਸੈਨੇਟਰਾਂ ਨੂੰ ਭਾਈ ਸਾਬ ਤੇ ਸਾਥੀ ਸਿੰਘਾਂ ਦੀ ਰਿਹਾਈ ਲਈ ਮਿਲ ਚੁੱਕੇ ਹਨ, ਉਨ੍ਹਾਂ ‘ਚ ਸੈਨੇਟਰ ਬੁਕਰ ਇਵੈਂਟ, ਕਾਂਗਰਸਮੈਨ ਰੌਬ ਮੇਨੇਡੇਜ਼, ਸੈਨੇਟਰ ਜੈਕੀ ਰੋਜ਼ਨ ਅਤੇ ਕਾਂਗਰਸਮੈਨ ਰੂਬੇਨ ਗੈਲੇਗੋ ਸ਼ਾਮਿਲ ਹਨ। ਵਾਈਸ ਪ੍ਰੈਜ਼ੀਡੈਂਟ ਨਾਲ ਮੀਟਿੰਗ ਵਾਲੇ ਦਿਨ ਜਸਪ੍ਰੀਤ ਸਿੰਘ ਅਟਾਰਨੀ ਹੋਰ ਦਸ ਸੈਨੇਟਰ/ਕਾਂਗਰਸਮੈਨਜ਼ ਨਾਲ ਵੀ ਮੁਲਾਕਾਤ ਕਰਨਗੇ।