ਸਰੀ, 7 ਜੂਨ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਬਰੈਂਪਟਨ ਤੋਂ ਆਏ ਵਿਦਵਾਨ ਗੁਰਦਿਆਲ ਸਿੰਘ ਗਿੱਲ (ਡੇਹਲੋਂ) ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਦੇ ਪੇਂਡੂ ਤੇ ਪੰਜਾਬੀ ਸ਼ਾਇਰ ਮੋਹਨ ਗਿੱਲ ਨੇ ਉਹਨਾਂ ਬਾਰੇ ਜਾਣ ਪਛਾਣ ਕਰਵਾਈ।
ਇਸ ਮੌਕੇ ਗੁਰਦਿਆਲ ਸਿੰਘ ਗਿੱਲ ਨੇ ਆਪਣੇ ਪਿੰਡ ਡੇਹਲੋਂ, ਆਪਣੇ ਸਕੂਲ ਅਤੇ ਕਾਲਜ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਆਪਣੀ ਰਿਟਾਇਰਮੈਂਟ ਤੋਂ ਬਾਅਦ 2007 ਵਿੱਚ ਉਹ ਬਰੈਂਪਟਨ ਕਨੇਡਾ ਆ ਗਏ ਸਨ ਅਤੇ ਉਦੋਂ ਤੋਂ ਉੱਥੇ ਹੀ ਰਹੇ ਹਨ। ਉਹਨਾਂ ਕਿਹਾ ਕਿ ਉਹ ਪਹਿਲੀ ਵਾਰ ਸਰੀ ਵਿੱਚ ਆਏ ਹਨ ਅਤੇ ਇਥੋਂ ਦੀ ਹਰਿਆਲੀ, ਖੂਬਸੂਰਤੀ ਵੇਖ ਕੇ ਮਨ ਬਹੁਤ ਖੁਸ਼ੀ ਹੋਇਆ ਹੈ ਅਤੇ ਇੱਥੋਂ ਦੇ ਭਾਈਚਾਰੇ ਨੇ ਵੀ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਮੌਕੇ ਪੁਰਾਣੇ ਪੇਂਡੂ ਸੱਭਿਆਚਾਰ ਦੀਆਂ ਕਾਫੀ ਗੱਲਾਂ ਇਕ ਦੂਜੇ ਨਾਲ ਸਾਂਝੀਆਂ ਕੀਤੀਆਂ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਉਹਨਾਂ ਨੂੰ ਆਪਣੀ ਸਵੈ-ਜੀਵਨੀ ‘ਕੰਡਿਆਰੇ ਪੰਧ’ ਦੀ ਇੱਕ ਕਾਪੀ ਭੇਟ ਕੀਤੀ। ਮੋਹਨ ਗਿੱਲ ਨੇ ਵੀ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ‘ਰੂਹ ਦਾ ਸਾਲਣੁ’ ਗੁਰਦਿਆਲ ਸਿੰਘ ਨੂੰ ਦਿੱਤੀ। ਇਸ ਸਮੇਂ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਗੁਰਦੀਪ ਭੁੱਲਰ, ਅੰਗਰੇਜ਼ ਬਰਾੜ ਅਤੇ ਹਰਦਮ ਸਿੰਘ ਮਾਨ ਵੀ ਮੌਜੂਦ ਸਨ।