ਗੁਹਾਟੀ, 31 ਮਈ (ਪੰਜਾਬ ਮੇਲ)- ਅਸਾਮ ਵਿਚ ਅੱਜ ਵੀ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਰਹੀ ਅਤੇ ਚੱਕਰਵਾਤ ਰੇਮਲ ਦੇ ਪ੍ਰਭਾਵ ਕਾਰਨ ਲਗਾਤਾਰ ਪਏ ਮੀਂਹ ਕਰ ਕੇ ਨੌਂ ਜ਼ਿਲ੍ਹਿਆਂ ਵਿਚ ਦੋ ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 28 ਮਈ ਤੋਂ ਸੂਬੇ ਵਿਚ ਹੜ੍ਹ, ਮੀਂਹ ਅਤੇ ਤੂਫਾਨ ਕਰ ਕੇ ਕੁੱਲ ਮਿਲਾ ਕੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਨਾਗਾਓਂ, ਕਰੀਮਗੰਜ, ਹੈਲਾਕਾਂਡੀ, ਪੱਛਮੀ ਕਾਰਬੀ ਆਂਗਲੌਂਗ, ਕਛਾਰ, ਹੋਜਾਈ, ਕਾਰਬੀ ਆਂਗਲੌਂਗ ਅਤੇ ਦੀਮਾ ਹਸਾਓ ਜ਼ਿਲ੍ਹੇ ਇਸ ਕੁਦਰਤੀ ਆਫ਼ਤਾਂ ਕਾਰਨ ਗੰਭੀਰ ਰੂਪ ਤੋਂ ਪ੍ਰਭਾਵਿਤ ਹੋਏ ਹਨ। ਮੇਘਾਲਿਆ ਦੇ ਲਮਸਲੱਮ ਇਲਾਕੇ ਵਿਚ ਭਾਰੀ ਮੀਂਹ ਕਾਰਨ ਕੌਮੀ ਮਾਰਗ ਨੰਬਰ-6 ਦਾ 20 ਮੀਟਰ ਹਿੱਸਾ ਹੜ੍ਹ ਜਾਣ ਕਾਰਨ ਬਰਾਕ ਘਾਟੀ ਦੇ ਕਛਾਰ, ਕਰੀਮਗੰਜ ਅਤੇ ਹੈਲਾਕਾਂਡੀ ਜ਼ਿਲ੍ਹਿਆਂ ਦਾ ਸੂਬੇ ਦੇ ਹੋਰ ਹਿੱਸਿਆਂ ਅਤੇ ਉੱਤਰ-ਪੂਰਬੀ ਖੇਤਰ ਨਾਲ ਰੇਲ ਤੇ ਸੜਕੀ ਸੰਪਰਕ ਟੁੱਟ ਗਿਆ ਹੈ ਅਤੇ ਵਾਹਨ ਫਸੇ ਹੋਏ ਹਨ। ਬਰਾਕ ਨਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੋਣ ਕਰ ਕੇ ਸਿਲਚਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ। ਸਿਲਚਾਰ ਦੇ ਤਾਰਾਪੁਰ ਇਲਾਕੇ ਵਿਚ ਸਥਿਤ ਰੇਲਵੇ ਸਟੇਸ਼ਨ ਨਦੀ ਦੇ ਨੇੜੇ ਹੋਣ ਕਾਰਨ ਨਦੀ ਦਾ ਪਾਣੀ ਸਟੇਸ਼ਨ ਤੇ ਪਟੜੀਆਂ ‘ਤੇ ਭਰ ਗਿਆ ਹੈ।