#PUNJAB

ਸ੍ਰੀ ਹੇਮਕੁੰਟ ਸਾਹਿਬ ਲਈ ਚਾਰ ਧਾਮ ਯਾਤਰਾ ਕਾਰਡ ਬਨਾਉਣ ‘ਤੇ ਐਡਵੋਕੇਟ ਧਾਮੀ ਵੱਲੋਂ ਸਖ਼ਤ ਇਤਰਾਜ

ਅੰਮ੍ਰਿਤਸਰ, 28 ਮਈ (ਪੰਜਾਬ ਮੇਲ)- ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਚਾਰ ਧਾਮ ਯਾਤਰਾ ਤਹਿਤ ਰਜਿਸਟ੍ਰੇਸ਼ਨ ਕਰਨ ‘ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਤਰਾਖੰਡ ਸਰਕਾਰ ਨੂੰ ਪੱਤਰ ਲਿਖ ਕੇ ਇਹ ਫੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸਿੱਖ ਸੰਗਤ ਹਰ ਸਾਲ ਸ਼ਰਧਾ ਪ੍ਰਗਟ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਇਆ ਹੈ ਕਿ ਸਿੱਖ ਸ਼ਰਧਾਲੂਆਂ ਦੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਵਿਖੇ ਚਾਰ ਧਾਮ ਯਾਤਰਾ ਤਹਿਤ ਕਾਰਡ ਬਣਾ ਕੇ ਅੱਗੇ ਜਾਣ ਦਿੱਤਾ ਜਾਂਦਾ ਹੈ, ਜੋ ਕਿ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਰ ਧਾਮ ਯਾਤਰਾ ਨਾਲ ਸਿੱਖ ਅਸਥਾਨਾਂ ਦਾ ਕੋਈ ਸਬੰਧ ਨਹੀਂ ਹੈ, ਇਸ ਲਈ ਸ੍ਰੀ ਹੇਮਕੁੰਟ ਸਾਹਿਬ ਵਾਸਤੇ ਇਹ ਪ੍ਰਕ੍ਰਿਆ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਅਸਥਾਨਾਂ ਦੀ ਆਪਣੀ ਮਰਿਯਾਦਾ ਹੈ ਅਤੇ ਇਸ ਨੂੰ ਕਿਸੇ ਹੋਰ ਧਰਮ ਦੇ ਅਸਥਾਨਾਂ ਦੀ ਯਾਤਰਾ ਨਾਲ ਰਲਗਡ ਕਰਨਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈ।
ਉਨ੍ਹਾਂ ਪੱਤਰ ਰਾਹੀਂ ਉਤਰਾਖੰਡ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਰੋਕਿਆ ਜਾਵੇ ਅਤੇ ਜੇਕਰ ਬਹੁਤ ਜ਼ਰੂਰੀ ਹੋਵੇ, ਤਾਂ ਚਾਰ ਧਾਮ ਯਾਤਰਾ ਦੇ ਦਾਇਰੇ ਤੋਂ ਅਲੱਗ ਸ੍ਰੀ ਹੇਮਕੁੰਟ ਸਾਹਿਬ ਲਈ ਵੱਖਰਾ ਰਜਿਸਟ੍ਰੇਸ਼ਨ ਪ੍ਰਬੰਧ ਕੀਤਾ ਜਾਵੇ।