ਰਮਦਾਸ, 27 ਮਈ (ਪੰਜਾਬ ਮੇਲ)- ਹੁਣ ਜਦੋਂ ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਪੈਣ ਵਿਚ ਕੁਝ ਦਿਨ ਬਚੇ ਹਨ, ਤਾਂ ਸਾਰੀਆਂ ਹੀ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਪੰਜਾਬ ਵਿਚ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰ ਕੇ ਆਖਰੀ ਹੰਭਲਾ ਮਾਰਿਆ ਜਾ ਰਿਹਾ ਹੈ।
ਇਕ ਤੋਂ ਬਾਅਦ ਇਕ ਸਿਆਸੀ ਪਾਰਟੀ ਦਾ ਲੀਡਰ ਮਾਝੇ ਦੀ ਧਰਤੀ ‘ਤੇ ਆ ਕੇ ਲੋਕਾਂ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਹਿਤੈਸ਼ੀ ਹੋਣ ਦਾ ਭਰੋਸਾ ਦੇ ਰਿਹਾ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿਚ ਕਈ ਰੈਲੀਆਂ ਕਰਕੇ, ਪੰਜਾਬੀਆਂ ਨਾਲ ਖੂਨ ਦਾ ਰਿਸ਼ਤਾ ਹੋਣ ਦਾ ਹੋਕਾ ਦੇ ਕੇ ਪੰਜਾਬੀ ਹੋਣ ਦਾ ਦਾਅਵਾ ਕੀਤਾ ਗਿਆ। ਭਾਜਪਾ ਦੇ ਕਈ ਕੇਂਦਰੀ ਮੰਤਰੀ ਵੀ ਪੰਜਾਬ ਦੇ ਚੋਣ ਮੈਦਾਨ ਵਿਚ ਉਤਰੇ ਹੋਏ ਹਨ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਵੱਲੋਂ ਵੀ ਅੰਮ੍ਰਿਤਸਰ ਵਿਚ ਰੈਲੀ ਕਰਕੇ ਵੋਟਰਾਂ ਨੂੰ ਪਾਰਟੀ ਦੇ ਹੱਕ ਵਿਚ ਤੋਰਨ ਦਾ ਉਪਰਾਲਾ ਕੀਤਾ ਗਿਆ। ਰਾਹੁਲ ਗਾਂਧੀ ਵੱਲੋਂ ਆਪਣੇ ਭਾਸ਼ਣ ਵਿਚ ਮੁੱਖ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਗਿਆ। ਰਾਹੁਲ ਗਾਂਧੀ ਦੇ ਨਾਲ-ਨਾਲ ਕਾਂਗਰਸ ਦੇ ਕਈ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਮੈਦਾਨ ਵਿਚ ਉੱਤਰੇ ਹੋਏ ਹਨ।
ਉਧਰ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੜ ਦੌਰੇ ‘ਤੇ ਆਏ। ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਮਾਝੇ ਵਿਚ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਹਨ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਮਾਝੇ ਦਾ ਗੇੜਾ ਕੱਢਿਆ ਗਿਆ। ਅਕਾਲੀ ਦਲ ਕੋਲ ਲੀਡਰਸ਼ਿਪ ਦੀ ਘਾਟ ਚੋਣਾਂ ਵਿਚ ਰੜਕ ਰਹੀ ਹੈ। ਸੁਖਬੀਰ ਬਾਦਲ ਤੋਂ ਇਲਾਵਾ ਬਹੁਤੇ ਥਾਵਾਂ ‘ਤੇ ਉਮੀਦਵਾਰ ਹੀ ਆਪਣੀ ਲੜਾਈ ਲੜ ਰਹੇ ਹਨ।
ਮਾਝੇ ਦੀਆਂ ਤਿੰਨ ਲੋਕ ਸਭਾ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਖਡੂਰ ਸਾਹਿਬ ‘ਤੇ ਦਿਲਚਸਪ ਮੁਕਾਬਲਾ ਬਣਿਆ ਹੋਇਆ ਹੈ। ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜਿਆ ਹੋਇਆ ਹੈ। ਉਧਰ, ਅਕਾਲੀ ਦਲ ਨੇ ਮਾਝੇ ਦੇ ਖਾਸ ਕਰਕੇ ਤਰਨ ਤਾਰਨ ਦੇ ਵੱਡੇ ਲੀਡਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਚੋਂ ਕੱਢ ਕੇ ਇਕ ਨਵੀਂ ਸਿਰਦਰਦੀ ਸਹੇੜ ਲਈ ਹੈ। ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਿਰ ਤੋੜ ਯਤਨ ਕਰ ਰਹੀਆਂ ਹਨ।