ਸੈਕਰਾਮੈਂਟੋ, 15 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਜਾਰਜੀਆ ਰਾਜ ਦੇ ਇਕ ਸ਼ਹਿਰ ‘ਚ ਕੁੱਤਿਆਂ ਦੇ ਝੁੰਡ ਵੱਲੋਂ ਕੀਤੇ ਹਮਲੇ ਵਿਚ ਇਕ ਔਰਤ ਦੀ ਮੌਤ ਹੋਣ ਤੇ ਉਸ ਦੇ 3 ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬੱਚਿਆਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਰੁਕਸ ਕਾਊਂਟੀ ਸ਼ੈਰਿਫ ਦਫਤਰ ਦੇ ਪੁਲਿਸ ਅਫਸਰਾਂ ਅਨੁਸਾਰ ਫਲੋਰਿਡਾ-ਜਾਰਜੀਆ ਰਾਜ ਨੇੜੇ ਇਕ ਛੋਟੇ ਜਿਹੇ ਸ਼ਹਿਰ ਕੁਇਟਮੈਨ ਵਿਖੇ ਇਕ ਘਰ ਦੇ ਵੇਹੜੇ ਵਿਚ ਕੁੱਤਿਆਂ ਵੱਲੋਂ ਕੀਤੇ ਹਮਲੇ ਵਿਚ 35 ਸਾਲਾ ਔਰਤ ਕਰਟਨੀ ਵਿਲੀਅਮਜ਼ ਦੀ ਮੌਤ ਹੋ ਗਈ। ਜਾਰਜੀਆ ਜਾਂਚ ਬਿਊਰੋ (ਜੀ.ਬੀ.ਆਈ.) ਅਨੁਸਾਰ ਪੁਲਿਸ ਅਫਸਰਾਂ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਿਸ ਨਸਲ ਦੇ ਕੁੱਤਿਆਂ ਨੇ ਕੀਤਾ ਹੈ। ਜੀ.ਬੀ.ਆਈ. ਵੱਲੋਂ ਦਿੱਤੀ ਮੁੱਢਲੀ ਜਾਣਕਾਰੀ ਅਨੁਸਾਰ ਬੱਚਿਆਂ ਉਪਰ ਕੁੱਤਿਆਂ ਵੱਲੋਂ ਹਮਲਾ ਕਰ ਦੇਣ ਦੀ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ, ਤਾਂ ਉਨ੍ਹਾਂ ਦਾ ਸਾਹਮਣਾ ਉਥੇ ਮੌਜੂਦ ਬਹੁਤ ਸਾਰੇ ਖਤਰਨਾਕ ਕੁੱਤਿਆਂ ਨਾਲ ਹੋਇਆ। ਉਦੋਂ ਤੱਕ ਕੋਈ ਵਿਅਕਤੀ ਬੱਚਿਆਂ ਨੂੰ ਹਸਪਤਾਲ ਲਿਜਾ ਚੁੱਕਾ ਸੀ। ਪੁਲਿਸ ਅਫਸਰਾਂ ਨੂੰ ਘਰ ਦੇ ਵੇਹੜੇ ਵਿਚੋਂ ਵਿਲੀਅਮਜ਼ ਦੀ ਲਾਸ਼ ਬਰਾਮਦ ਹੋਈ, ਜਿਸ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ। ਪੁਲਿਸ ਨੇ ਜ਼ਖਮੀ ਹੋਏ ਬੱਚਿਆਂ ਦੀ ਉਮਰ ਜਾਂ ਉਨ੍ਹਾਂ ਦੇ ਜ਼ਖਮਾਂ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਦਿੱਤੀ ਹੈ। ਮ੍ਰਿਤਕ ਔਰਤ ਦੀ ਨਨਾਣ ਕ੍ਰਿਸਟਲ ਕਾਕਸ ਨੇ ਦੱਸਿਆ ਕਿ ਕੁੱਤੇ ਗਵਾਂਢੀ ਦੇ ਹਨ, ਜੋ ਵਿਲੀਅਮਜ਼ ਦੇ ਘਰ ਦੇ ਪਿੱਛੇ ਰਹਿੰਦਾ ਹੈ। ਵਿਲੀਅਮਜ਼ ਆਪਣੇ 3 ਬੱਚਿਆਂ ਤੇ ਪਤੀ ਨਾਲ ਘਰ ਵਿਚ ਰਹਿੰਦੀ ਸੀ। ਕਾਕਸ ਨੇ ਦੱਸਿਆ ਕਿ ਜਦੋਂ ਬੱਚੇ ਜਿਨ੍ਹਾਂ ਵਿਚ ਇਕ 10 ਸਾਲ ਦੀ ਲੜਕੀ, 12 ਸਾਲ ਦਾ ਲੜਕਾ ਤੇ ਇਕ 14 ਸਾਲ ਦਾ ਲੜਕਾ ਸ਼ਾਮਲ ਹੈ, ਸਕੂਲ ਬੱਸ ਵਿਚੋਂ ਉਤਰੇ, ਤਾਂ ਦਰਜਨ ਦੇ ਕਰੀਬ ਕੁੱਤਿਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਬੱਚਿਆਂ ਦੀ ਮਾਂ ਉਨ੍ਹਾਂ ਦੀ ਮਦਦ ਲਈ ਦੌੜੀ ਪਰੰਤੂ ਉਹ ਖੁਦ ਹੀ ਕੁੱਤਿਆਂ ਦਾ ਸ਼ਿਕਾਰ ਹੋ ਗਈ। ਘਟਨਾ ਦੀ ਰਾਜ ਤੇ ਸਥਾਨਕ ਪੱਧਰ ਦੇ ਅਧਿਕਾਰੀ ਜਾਂਚ ਕਰ ਰਹੇ ਹਨ। ਜਾਂਚ ਉਪਰੰਤ ਹੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।