#INDIA

ਪੀ.ਐੱਮ. ਮੋਦੀ ਦੀ ਜਾਇਦਾਦ 17 ਸਾਲਾਂ ‘ਚ 25 ਗੁਣਾ ਵਧੀ

-33 ਗੁਣਾ ਵਧਿਆ ਬੈਂਕ ਬੈਲੇਂਸ; ਹਲਫ਼ਨਾਮੇ ‘ਚ ਹੋਇਆ ਖੁਲਾਸਾ
ਨਵੀਂ ਦਿੱਲੀ, 15 ਮਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੱਲ ਜਾਇਦਾਦ 17 ਸਾਲਾਂ ‘ਚ 25 ਗੁਣਾ ਵਧੀ ਹੈ ਅਤੇ ਬੈਂਕ ਬੈਲੇਂਸ 33 ਗੁਣਾ ਵਧਿਆ ਹੈ। ਵਾਰਾਣਸੀ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਨਾਮਜ਼ਦਗੀ ਭਰੇ ਗਏ ਹਲਫ਼ਨਾਮੇ ਵਿਚ ਇਸ ਦਾ ਖੁਲਾਸਾ ਹੋਇਆ ਹੈ। 13 ਸਾਲ ਗੁਜਰਾਤ ਦੇ ਮੁੱਖ ਮੰਤਰੀ, 10 ਸਾਲ ਪ੍ਰਧਾਨ ਮੰਤਰੀ ਰਹੇ ਨਰਿੰਦਰ ਮੋਦੀ ਕੋਲ ਨਾ ਤਾਂ ਆਪਣਾ ਘਰ ਹੈ ਅਤੇ ਨਾ ਹੀ ਆਪਣੀ ਕੋਈ ਕਾਰ। ਨਰਿੰਦਰ ਮੋਦੀ ਨੇ 2002 ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਸੀ। ਇਸ ਤੋਂ ਬਾਅਦ ਉਹ 2007 ਅਤੇ 2012 ਵਿਚ ਮਨੀਨਗਰ ਤੋਂ ਵਿਧਾਨ ਸਭਾ ਚੋਣ ਜਿੱਤੇ। ਫਿਰ 2014 ਅਤੇ 2019 ਵਿਚ ਵਾਰਾਣਸੀ ਤੋਂ ਲੋਕ ਸਭਾ ਚੋਣ ਜਿੱਤੀ। ਪਿਛਲੇ 15 ਸਾਲਾਂ ਤੋਂ ਸੋਨਾ ਵੀ ਨਹੀਂ ਖਰੀਦਿਆ। ਹਾਲਾਂਕਿ ਪਿਛਲੇ ਪੰਜ ਸਾਲਾਂ ਵਿਚ ਪੀ.ਐੱਮ. ਮੋਦੀ ਦੀ ਸੰਪਤੀ ਵਿਚ 87 ਲੱਖ ਰੁਪਏ ਦਾ ਵਾਧਾ ਹੋਇਆ ਹੈ।
2024 ਦੇ ਹਲਫਨਾਮੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਮਾਈ ਵਿੱਤੀ ਸਾਲ 2018-19 ਦੇ ਮੁਕਾਬਲੇ 2022-23 ਵਿਚ ਦੁੱਗਣੀ ਹੋ ਗਈ ਹੈ। 2018-19 ਵਿਚ ਪੀ.ਐੱਮ. ਮੋਦੀ ਨੇ ਆਪਣੀ ਆਮਦਨ 11.14 ਲੱਖ ਰੁਪਏ ਦੱਸੀ ਸੀ, ਜਦੋਂਕਿ ਪਿਛਲੇ ਵਿੱਤੀ ਸਾਲ ਵਿਚ ਉਨ੍ਹਾਂ ਦੀ ਆਮਦਨ 23.57 ਲੱਖ ਰੁਪਏ ਸੀ।
ਉਨ੍ਹਾਂ ਦੀ ਆਮਦਨ 2019-20 ਵਿਚ 17.21 ਲੱਖ ਰੁਪਏ, 2020-21 ਵਿਚ 17.08 ਲੱਖ ਰੁਪਏ ਅਤੇ 2021-22 ਵਿਚ 15.42 ਲੱਖ ਰੁਪਏ ਸੀ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਮਿਲਣ ਵਾਲੀ ਤਨਖਾਹ ਅਤੇ ਬੈਂਕ ਵਿਆਜ ਨੂੰ ਆਪਣੀ ਆਮਦਨ ਦਾ ਸਰੋਤ ਦੱਸਿਆ ਹੈ।
ਪੀ.ਐੱਮ. ਮੋਦੀ ਨੇ ਵਿੱਤੀ ਸਾਲ 2023-24 ‘ਚ 3 ਲੱਖ 33 ਹਜ਼ਾਰ 179 ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ।
ਨਰਿੰਦਰ ਮੋਦੀ ਕੋਲ ਕਿਸੇ ਕਿਸਮ ਦਾ ਹਥਿਆਰ ਨਹੀਂ ਹੈ। ਉਨ੍ਹਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਪ੍ਰਧਾਨ ਮੰਤਰੀ ਨੇ 15 ਸਾਲਾਂ ਤੋਂ ਕੋਈ ਗਹਿਣਾ ਵੀ ਨਹੀਂ ਖਰੀਦਿਆ ਹੈ। ਮੋਦੀ ਕੋਲ 4 ਅੰਗੂਠੀਆਂ ਹਨ।
ਵਿੱਤੀ ਨਿਵੇਸ਼ ਦੀ ਗੱਲ ਕਰੀਏ, ਤਾਂ ਪੀ.ਐੱਮ. ਮੋਦੀ ਨੇ ਬਾਂਡ, ਸ਼ੇਅਰ ਜਾਂ ਮਿਉਚੁਅਲ ਫੰਡ ਵਿਚ ਕੁਝ ਵੀ ਨਿਵੇਸ਼ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਕੋਲ ਡਾਕਖਾਨੇ ਦੇ ਨੈਸ਼ਨਲ ਸੇਵਿੰਗ ਸਰਟੀਫਿਕੇਟ (ਐੱਨ.ਐੱਸ.ਸੀ.) ਵਿਚ ਹੀ 9.12 ਲੱਖ ਰੁਪਏ ਹਨ। ਪ੍ਰਧਾਨ ਮੰਤਰੀ ਨੇ ਆਪਣੀ ਆਮਦਨ ਦਾ ਸਰੋਤ ਸਰਕਾਰੀ ਤਨਖਾਹ ਅਤੇ ਬੈਂਕ ਵਿਆਜ ਤੋਂ ਪ੍ਰਾਪਤ ਪੈਸਾ ਦੱਸਿਆ ਹੈ।