ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਮਈ 2018 ਵਿਚ ਯੂਟਿਊਬਰ ਧਰੁਵ ਰਾਠੀ ਵੱਲੋਂ ਸਰਕੁਲੇਟ ਕੀਤੀ ਅਪਮਾਨਜਨਕ ਵੀਡੀਓ ਅੱਗੇ ਰੀਟਵੀਟ ਕਰਨ ਨਾਲ ਜੁੜੇ ਮਾਣਹਾਨੀ ਕੇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਰਾਹਤ ਵਿਚ ਵਾਧਾ ਕਰਦਿਆਂ ਮਸਲੇ ਦਾ ਸੰਭਾਵੀ ਹੱਲ ਤਲਾਸ਼ਣ ਲਈ ਮੋਹਲਤ ਦੇ ਦਿੱਤੀ ਹੈ। ਕੇਜਰੀਵਾਲ ਨੇ ਫੌਜਦਾਰੀ ਮਾਣਹਾਨੀ ਕੇਸ ਵਿਚ ਜਾਰੀ ਸੰਮਨਾਂ ਨੂੰ ਬਰਕਰਾਰ ਰੱਖਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਕਿਹਾ ਕਿ ਪਹਿਲਾਂ ਦਿੱਤੀ ਅੰਤਰਿਮ ਰਾਹਤ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਕੇਜਰੀਵਾਲ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ 11 ਮਾਰਚ ਨੂੰ ਪਿਛਲੀ ਸੁਣਵਾਈ ਮਗਰੋਂ ਦੋਵੇਂ ਧਿਰਾਂ ਕੇਸ ਦੇ ਨਿਬੇੜੇ ਨੂੰ ਲੈ ਕੇ ਇਕ ਦੂਜੇ ਨਾਲ ਰਾਬਤਾ ਨਹੀਂ ਕਰ ਸਕੀਆਂ ਸਨ। ਉਧਰ ਸ਼ਿਕਾਇਤਕਰਤਾ ਵੱਲੋਂ ਪੇਸ਼ ਵਕੀਲ ਵਿਕਾਸ ਸਾਂਕ੍ਰਿਤਯਾਇਨ ਨੇ ਵੀ ਇਹੀ ਦਾਅਵਾ ਕੀਤਾ, ਜਿਸ ਮਗਰੋਂ ਬੈਂਚ ਨੇ ਵਕੀਲ ਨੂੰ ਕਿਹਾ ਕਿ ਕੇਜਰੀਵਾਲ ਦਾ ਵਕੀਲ ਸ਼ਿਕਾਇਤਕਰਤਾ ਨਾਲ ਸੰਪਰਕ ਕਰੇਗਾ। ਬੈਂਚ ਨੇ ਕੇਸ ਦੀ ਅਗਲੀ ਸੁਣਵਾਈ 12 ਅਗਸਤ ਲਈ ਨਿਰਧਾਰਿਤ ਕਰ ਦਿੱਤੀ ਹੈ।