ਵਾਰਾਨਸੀ, 14 ਮਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਰਾਨਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਹ ਇਥੋਂ ਪਹਿਲੀ ਵਾਰ 2014 ਵਿਚ ਅਤੇ ਦੂਜੀ ਵਾਰ 2019 ਵਿਚ ਜਿੱਤੇ ਹਨ। ਚਿੱਟੇ ਕੁੜਤੇ-ਪਜਾਮੇ ਵਿਚ ਸਜੇ ਸ਼੍ਰੀ ਮੋਦੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਰਾਨਸੀ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਪੁੱਜੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨਾਲ ਅਯੁੱਧਿਆ ਦੇ ਰਾਮ ਮੰਦਰ ‘ਚ ਭਗਵਾਨ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਲਈ ਸ਼ੁਭ ਸਮੇਂ ਦਾ ਐਲਾਨ ਕਰਨ ਵਾਲੇ ਪੰਡਤ ਗਣੇਸ਼ਵਰ ਸ਼ਾਸਤਰੀ ਅਤੇ ਪਟੇਲ ਸੰਘ ਦੇ ਪੁਰਾਣੇ ਵਰਕਰ ਅਤੇ ਪਿਛੜੇ ਵਰਗ ਦੇ ਬੈਜਨਾਥ ਪਟੇਲ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਅੱਜ ਗੰਗਾ ਨਦੀ ਦੇ ਕਿਨਾਰੇ ਦਸ਼ਾਸ਼ਵਮੇਧ ਘਾਟ ‘ਤੇ ਪੂਜਾ ਕੀਤੀ। ਪ੍ਰਧਾਨ ਮੰਤਰੀ ਨੇ ਵੈਦਿਕ ਜਾਪ ਦੌਰਾਨ ਗੰਗਾ ਘਾਟ ‘ਤੇ ਆਰਤੀ ਵੀ ਕੀਤੀ। ਉਨ੍ਹਾਂ ‘ਐਕਸ’ ‘ਤੇ ਲਿਖਿਆ, ‘ਆਪਣੀ ਕਾਸ਼ੀ ਨਾਲ ਮੇਰਾ ਰਿਸ਼ਤਾ ਅਨਿੱਖੜਵਾਂ ਅਤੇ ਬੇਮਿਸਾਲ ਹੈ। ਮੈਂ ਬੱਸ ਇੰਨਾ ਕਹਿ ਸਕਦਾ ਹਾਂ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।’ ਮੋਦੀ ਦੇ ਕਾਗਜ਼ ਦਾਖਲ ਕਰਾਉਣ ਲਈ ਭਾਜਪਾ ਤੇ ਸਹਿਯੋਗੀ ਦਲਾਂ ਦੇ ਪ੍ਰਮੁੱਖ ਨੇਤਾ ਵਾਰਾਨਸੀ ਪੁੱਜੇ ਹੋਏ ਸਨ।