ਨਵੀਂ ਦਿੱਲੀ, 13 ਮਈ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਜੇ ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ‘ਇੰਡੀਆ’ ਗੱਠਜੋੜ ਸੱਤਾ ‘ਚ ਆਉਂਦਾ ਹੈ, ਤਾਂ ਉਹ 5 ਜੂਨ ਨੂੰ ਤਿਹਾੜ ਜੇਲ੍ਹ ‘ਚੋਂ ਬਾਹਰ ਆ ਜਾਣਗੇ। ਵਰਨਣਯੋਗ ਹੈ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਹੋਣੀ ਹੈ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੇਜਰੀਵਾਲ ਨੇ ਦੋਸ਼ ਲਾਇਆ ਕਿ ਤਿਹਾੜ ਵਿਚ ਨਜ਼ਰਬੰਦੀ ਦੌਰਾਨ ਉਨ੍ਹਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ, ਤਿਹਾੜ ਵਿਚ ਮੇਰੇ ਸੈੱਲ ਵਿਚ ਦੋ ਸੀ.ਸੀ.ਟੀ.ਵੀ. ਕੈਮਰੇ ਸਨ ਅਤੇ 13 ਅਧਿਕਾਰੀ ਨਿਗਰਾਨੀ ਕਰ ਰਹੇ ਸਨ। ਦੱਸਿਆ ਗਿਆ ਕਿ ਸੀ.ਸੀ.ਟੀ.ਵੀ. ਫੁਟੇਜ ਪ੍ਰਧਾਨ ਮੰੰਤਰੀ ਸਕੱਤਰੇਤ ਨੂੰ ਦਿੱਤਾ ਗਿਆ ਸੀ।