– ਪੰਜਾਬ ‘ਚ ਹਰ ਚੌਥੇ ਉਮੀਦਵਾਰ ਨੇ ਪਾਰਟੀ ਬਦਲ ਕੇ ਲਈ ਟਿਕਟ
– ਭਾਜਪਾ ਨੇ ਸਭ ਤੋਂ ਵੱਧ ਦਲ-ਬਦਲੂਆਂ ਨੂੰ ਦਿੱਤੀ ਟਿਕਟ
ਚੰਡੀਗੜ੍ਹ, 11 ਮਈ (ਪੰਜਾਬ ਮੇਲ)- ਇਸ ਵਾਰ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਲ-ਬਦਲੀਆਂ ਵੇਖਣ ਨੂੰ ਮਿਲੀਆਂ ਹਨ। ਪਹਿਲਾਂ ਜਿੱਥੇ ਦੇਸ਼ ਦੇ ਕਈ ਹਿੱਸਿਆਂ ਵਿਚ ਦਲ-ਬਦਲੀ ਦੀ ਸਿਆਸਤ ਦਾ ਜ਼ੋਰ ਹੁੰਦਾ ਸੀ, ਪੰਜਾਬ ਅਜਿਹੀ ਸਿਆਸਤ ਤੋਂ ਦੂਰ ਹੀ ਚੱਲਦਾ ਸੀ। ਪਰ ਇਸ ਵਾਰ ਪੰਜਾਬ ਵਿਚ ਵੀ ਵੱਡੇ ਪੱਧਰ ‘ਤੇ ਬਦਲ ਬਦਲੀਆਂ ਵੇਖਣ ਨੂੰ ਮਿਲੀਆਂ ਹਨ। ਇਸ ਚੀਜ਼ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀਆਂ 13 ਸੀਟਾਂ ‘ਤੇ ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ 52 ਉਮੀਦਵਾਰਾਂ ‘ਚ ਹਰ ਚੌਥਾ ਉਮੀਦਵਾਰ ਦਲ-ਬਦਲੂ ਹੈ। ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਵਿਚੋਂ 14 ਉਮੀਦਵਾਰ ਅਜਿਹੇ ਹਨ, ਜਿਹੜੇ ਆਪਣੀ ਪੁਰਾਣੀ ਪਾਰਟੀ ਨੂੰ ਛੱਡ ਕੇ ਨਵੀਂ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਇਨ੍ਹਾਂ ਨੇ ਪਿਛਲੇ ਢਾਈ ਸਾਲ ਦੇ ਅੰਦਰ-ਅੰਦਰ ਹੀ ਪਾਰਟੀ ਬਦਲੀ ਤੇ ਉਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਵੀ ਦੇ ਦਿੱਤੀ ਗਈ ਹੈ।
ਉਂਝ ਤਾਂ ਚਾਰੋ ਪਾਰਟੀਆਂ ਨੇ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਲੀਡਰਾਂ ਲਈ ਦਰਵਾਜ਼ੇ ਖੋਲ੍ਹ ਕੇ ਰੱਖੇ ਹਨ, ਪਰ ਭਾਜਪਾ ਵੱਲੋਂ ਸਭ ਤੋਂ ਵੱਧ 7 ਅਜਿਹੇ ਲੀਡਰਾਂ ਨੂੰ ਟਿਕਟ ਦਿੱਤੀ ਗਈ ਹੈ, ਜਿਹੜੇ ਕੁਝ ਸਮਾਂ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਏ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਵੀ ਅਜਿਹੇ 3 ਉਮੀਦਵਾਰ ਐਲਾਨੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕੋ ਅਜਿਹੇ ਲੀਡਰ ਨੂੰ ਟਿਕਟ ਦਿੱਤੀ ਗਈ ਹੈ।
ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਇੱਕੋ ਸਾਲ ਵਿਚ 2 ਵਾਰ ਪਾਰਟੀ ਬਦਲੀ ਹੈ। 2017 ‘ਚ ਕਾਂਗਰਸ ਵੱਲੋਂ ਜਲੰਧਰ ਵੈਸਟ ਤੋਂ ਵਿਧਾਇਕ ਬਣਨ ਵਾਲੇ ਸੁਸ਼ੀਲ ਕੁਮਾਰ ਰਿੰਕੂ 2022 ਵਿਚ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ। 2023 ‘ਚ ਉਹ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ਵਿਚ ਆਏ ਤੇ ਜਲੰਧਰ ਤੋਂ ਜ਼ਿਮਨੀ ਚੋਣ ਵਿਚ ਲੋਕ ਸਭਾ ਮੈਂਬਰ ਬਣ ਗਏ। 2024 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਮੁੜ ਉਮੀਦਵਾਰ ਐਲਾਨ ਦਿੱਤਾ ਸੀ, ਪਰ ਫ਼ਿਰ ਵੀ ਇਹ ਐਨ ਮੌਕੇ ‘ਤੇ ਭਾਜਪਾ ਵਿਚ ਚਲੇ ਗਏ ਅਤੇ ਭਾਜਪਾ ਨੇ ਉਨ੍ਹਾਂ ਨੂੰ ਜਲੰਧਰ ਤੋਂ ਹੀ ਟਿਕਟ ਦੇ ਦਿੱਤੀ।
ਭਾਰਤੀ ਜਨਤਾ ਪਾਰਟੀ 1996 ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਲੋਕ ਸਭਾ ਚੋਣ ਲੜਣ ਜਾ ਰਹੀ ਹੈ। ਭਾਜਪਾ ਇਸ ਵਾਰ ਸੂਬੇ ਦੀਆਂ ਸਾਰੀਆਂ 13 ਸੀਟਾਂ ‘ਤੇ ਕਿਸਮਤ ਅਜ਼ਮਾ ਰਹੀ ਹੈ। ਇਸ ਲਈ ਪਾਰਟੀ ਨੇ ਮੌਜੂਦਾ ਸੰਸਦ ਮੈਂਬਰਾਂ ‘ਤੇ ਦਾਅ ਖੇਡਿਆ ਹੈ। ਭਾਜਪਾ ਨੇ 7 ਦਲ-ਬਦਲੂਆਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਹੈ। ਇਨ੍ਹਾਂ ਵਿਚ 3 ਮੌਜੂਦਾ ਸੰਸਦ ਮੈਂਬਰ- ਕਾਂਗਰਸ ਦੀ ਟਿਕਟ ਤੋਂ ਜਿੱਤਣ ਵਾਲੇ ਰਵਨੀਤ ਬਿੱਟੂ ਅਤੇ ਪਰਨੀਤ ਕੌਰ ਅਤੇ ‘ਆਪ’ ਵੱਲੋਂ ਜਿੱਤਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਆਮ ਆਦਮੀ ਪਾਰਟੀ ਵੱਲੋਂ ਨਾ ਸਿਰਫ਼ ਆਪਣੇ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਸਗੋਂ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਵੀ ਪਾਰਟੀ ਵਿਚ ਸ਼ਾਮਲ ਕਰ ਕੇ ਲੋਕ ਸਭਾ ਚੋਣਾਂ ਲਈ ਟਿਕਟ ਦਿੱਤੀ ਗਈ ਹੈ। ਦੂਜੀਆਂ ਪਾਰਟੀਆਂ ‘ਚੋਂ ਆਏ ਆਗੂਆਂ ਵਿਚ ਮੌਜੂਦਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਅਤੇ ਪਵਨ ਕੁਮਾਰ ਟੀਨੂੰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਚੱਬੇਵਾਲ ਅਤੇ ਜੀ.ਪੀ. ਨੇ ਇਸੇ ਸਾਲ ਮਾਰਚ ਵਿਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਇਹ ਦੋਵੇਂ ਹੁਸ਼ਿਆਰਪੁਰ ਤੇ ਫ਼ਤਿਹਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਹਨ। ਉੱਥੇ ਹੀ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਤੋਂ ਪਾਸਾ ਵੱਟ ਕੇ ਆਮ ਆਦਮੀ ਪਾਰਟੀ ਵਿਚ ਆਏ ਪਵਨ ਕੁਮਾਰ ਟੀਨੂੰ ਨੂੰ ਜਲੰਧਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਕਾਂਗਰਸ ਦੀ ਗੱਲ ਕਰੀਏ, ਤਾਂ ਉਸ ਨੇ 3 ਦਲ-ਬਦਲੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਵਿਚ 4 ਵਾਰ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡੇ ਤੋਂ ਚੋਣ ਲੜ ਰਹੇ ਹਨ। ਉਹ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਗਏ ਸਨ ਤੇ ਤਕਰੀਬਨ ਇਕ ਦਹਾਕੇ ਬਾਅਦ ਘਰ-ਵਾਪਸੀ ਕੀਤੀ ਹੈ। ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ 2014 ਵਿਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਸੀ ਤੇ ਜਿੱਤੇ ਵੀ ਸਨ। ਇਸ ਮਗਰੋਂ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ ਤੇ ਇਸ ਸਾਲ 1 ਅਪ੍ਰੈਲ ਨੂੰ ਉਨ੍ਹਾਂ ਨੇ ਆਪਣੀ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਦਿੱਤਾ। ਫ਼ਰੀਦਕੋਟ ਤੋਂ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਵੀ ਇਸੇ ਸੂਚੀ ਵਿਚ ਸ਼ਾਮਲ ਹਨ।
ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇ.ਪੀ. ਟਕਸਾਲੀ ਕਾਂਗਰਸੀ ਸਨ। ਉਹ ਜਲੰਧਰ ਤੋਂ ਲੋਕ ਸਭਾ ਚੋਣ ਲੜਣੀ ਚਾਹੁੰਦੇ ਸਨ, ਪਰ ਟਿਕਟ ਨਾ ਮਿਲਣ ਮਗਰੋਂ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਸਾਰ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ। ਉਹ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਵੀ ਹਨ।