#PUNJAB

ਪੰਜਾਬੀ ਦੇ ਪ੍ਰਸਿੱਧ ਕਵੀ ਤੇ ਪਦਮਸ਼੍ਰੀ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ

ਪੰਜਾਬੀ ਸਾਹਿਤ ਜਗਤ ਨੂੰ ਪਿਆ ਵੱਡਾ ਘਾਟਾ
ਜਲੰਧਰ, 11 ਮਈ (ਪੰਜਾਬ ਮੇਲ)- ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਸ਼ਨੀਵਾਰ ਤੜਕਸਾਰ ਇਸ ਫ਼ਾਨੀ ਦੁਨੀਆਂ ਨੂੰ 79 ਸਾਲ ਦੀ ਉਮਰ ‘ਚ ਅਲਵਿਦਾ ਆਖ ਗਏ। ਮੁੱਢਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਨ੍ਹਾਂ ਨੇ ਲੁਧਿਆਣਾ ਵਿਚ ਆਖ਼ਰੀ ਸਾਹ ਲਏ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਨੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਾਤਰ ਦੇ ਪਰਿਵਾਰ ‘ਚ ਪਤਨੀ ਅਤੇ ਦੋ ਪੁੱਤਰ ਹਨ। ਇੱਕ ਪੁੱਤਰ ਆਸਟਰੇਲੀਆ ਵਿਚ ਰਹਿੰਦਾ ਹੈ। ਪਾਤਰ ਨੇ ਸੱਠਵੇਂ ਦਹਾਕੇ ਦੇ ਅੱਧ ਵਿਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿਚ ਹਵਾ ਵਿਚ ਲਿਖੇ ਹਰਫ਼, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਬਾਜੇਬ, ਸੁਰ ਜ਼ਮੀਨ, ਬ੍ਰਿਖ ਅਰਜ ਕਰੇ, ਹਨੇਰੇ ਵਿਚ ਸੁਲਗਦੀ ਵਰਣਮਾਲਾ ਸ਼ਾਮਲ ਹਨ।
ਜਲੰਧਰ ਦੇ ਪਿੰਡ ਪਾਤੜ ਕਲਾਂ ਦੇ ਜੰਮਪਲ ਸੁਰਜੀਤ ਪਾਤਰ ਦਾ ਸਾਹਿਤ ਦੇ ਖੇਤਰ ਨੂੰ ਬਹੁਤ ਵੱਡਾ ਯੋਗਦਾਨ ਹੈ। ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ। ਉਸ ਮਗਰੋਂ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਦਿੱਤੀਆਂ ਅਤੇ ਸੇਵਾਮੁਕਤ ਹੋਏ।
ਸੁਰਜੀਤ ਪਾਤਰ ਨੂੰ 2012 ‘ਚ ਪਦਮਸ਼੍ਰੀ ਐਵਾਰਡ ਨਾਲ ਨਿਵਾਜ਼ਿਆ ਗਿਆ। ਉਨ੍ਹਾਂ ਨੂੰ 1979 ਵਿਚ ਪੰਜਾਬ ਸਾਹਿਤ ਅਕਾਦਮੀ ਐਵਾਰਡ, 1993 ਵਿਚ ਸਾਹਿਤ ਅਕਾਦਮੀ ਐਵਾਰਡ, 1999 ਵਿਚ ਪੰਚਾਨੰਦ ਐਵਾਰਡ, 2007 ਵਿਚ ਆਨੰਦ ਕਾਵ ਸਨਮਾਨ, 2009 ਵਿਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਡਾ. ਸੁਰਜੀਤ ਪਾਤਰ ਦਾ ਸਸਕਾਰ 13 ਮਈ ਨੂੰ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿਚ ਸਵੇਰੇ 11 ਵਜੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ।