ਵਾਸ਼ਿੰਗਟਨ, 10 ਮਈ (ਪੰਜਾਬ ਮੇਲ)- ਅਮਰੀਕਾ ਦੇ ਸ਼ਿਕਾਗੋ ‘ਚ ਦੋ ਮਈ ਤੋਂ ਇੱਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਸ਼ਿਕਾਗੋ ਸਥਿਤ ਭਾਰਤੀ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਵਿਦਿਆਰਥੀ ਨਾਲ ਜੁੜੇ ਇਸ ਮਾਮਲੇ ਨੇ ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤੀ ਨਾਗਰਿਕਾਂ ‘ਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸ਼ਿਕਾਗੋ ਪੁਲਿਸ ਨੇ ਇੱਕ ਬਿਆਨ ‘ਚ ਕਿਹਾ ਕਿ ਰੁਪੇਸ਼ ਚੰਦਰ ਚਿੰਤਾਕਿੰਡੀ (26) ਐੱਨ. ਸ਼ੈਰੀਡਨ ਰੋਡ ਦੇ 4300 ਬਲਾਕ ਤੋਂ ਲਾਪਤਾ ਹੋ ਗਿਆ ਹੈ। ਸ਼ਿਕਾਗੋ ‘ਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਰੁਪੇਸ਼ ਬਾਰੇ ਪਤਾ ਲਾਉਣ ਲਈ ਪੁਲਿਸ ਤੇ ਭਾਰਤੀ ਭਾਈਚਾਰੇ ਨਾਲ ਸੰਪਰਕ ਵਿਚ ਹੈ।