ਸੈਕਰਾਮੈਂਟੋ, 3 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਦੇਸ਼ ਵਿਆਪੀ ਕਾਲਜ ਕੈਂਪਸ ਅੰਦਰ ਇਸਰਾਈਲ ਵਿਰੋਧੀ ਤੇ ਫਲਸਤੀਨੀਆਂ ਦੇ ਹੱਕ ਵਿਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕਰਨ ਦੀਆਂ ਰਿਪੋਰਟਾਂ ਹਨ। ਅਮਰੀਕਾ ਦੀ ਨਿਊਯਾਰਕ ਸਥਿਤ ਕੋਲੰਬੀਆ ਯੂਨੀਵਰਸਿਟੀ ਜਿਥੇ ਬੀਤੇ ਦਿਨ 100 ਤੋਂ ਵਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਵਿਖੇ ਸਖਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਝ ਵਿਦਿਆਰਥੀਆਂ ਨੂੰ ਮੁਅੱਤਲ ਕੀਤੇ ਜਾਣ ਦੀ ਵੀ ਰਿਪੋਰਟ ਹੈ, ਜਦਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਕ ਅਕੈਡਮਿਕ ਇਮਾਰਤ ‘ਤੇ ਕਬਜ਼ਾ ਕਰਕੇ ਅੰਦਰ ਜਾਣ ਦੇ ਰਸਤੇ ਅੱਗੇ ਮਨੁੱਖੀ ਕੜੀ ਬਣਾ ਕੇ ਇਸ ਦਾ ਵਿਰੋਧ ਕੀਤਾ ਹੈ। ਇਕ ਬਿਆਨ ਵਿਚ ਯੂਨੀਵਰਸਿਟੀ ਨੇ ਕਿਹਾ ਹੈ ਕਿ ਹੈਮਿਲਟਨ ਹਾਲ ‘ਤੇ ਕਬਜ਼ਾ ਕਰਕੇ ਬੈਠੇ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਮਾਮਲਾ ਹੱਲ ਕਰਨ ਲਈ ਚੱਲ ਰਹੀ ਗੱਲਬਾਤ ਅਸਫਲ ਹੋਣ ਉਪਰੰਤ ਮੁੱਖ ਵਾਰਤਾਕਾਰ ਮੁਹੰਮਦ ਖਾਲਿਦ ਜੋ ਗ੍ਰੈਜੂਏਟ ਵਿਦਿਆਰਥੀ ਹੈ, ਨੂੰ ਮੁਅੱਤਲ ਕਰਕੇ ਉਸ ਦਾ ਸ਼ਨਾਖਤੀ ਕਾਰਡ ਬਲਾਕ ਕਰ ਦਿੱਤਾ ਗਿਆ ਹੈ। ਵਿਦਿਆਰਥੀ ਆਗੂ ਖਾਲਿਦ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੀ ਇਹ ਕਾਰਵਾਈ ਨਿਯਮਾਂ ਦੇ ਵਿਰੁੱਧ ਹੈ। ਯੂਨੀਵਰਸਿਟੀ ਮੰਨਮਾਨੇ ਢੰਗ ਨਾਲ ਕਾਰਵਾਈ ਕਰ ਰਹੀ ਹੈ। ਹੁਣ ਤੱਕ 1000 ਤੋਂ ਵਧ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਘੱਟੋ-ਘੱਟ 21 ਰਾਜਾਂ ਦੇ 25 ਯੂਨੀਵਰਸਿਟੀ ਕੈਂਪਸ ਵਿਚ ਪ੍ਰਦਰਸ਼ਨਕਾਰੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਫਲਸਤੀਨੀਅਨ ਲਿਬਰੇਸ਼ਨ ਨਾਲ ਖੜ੍ਹੇ ਰਹਿਣਗੇ ਤੇ ਉਸ ਦਾ ਪੁਰਜ਼ੋਰ ਸਮਰਥਨ ਕਰਦੇ ਹਨ।